ਸੰਤੋਸ਼ ਕੁਮਾਰ ਸਿੰਗਲਾ, ਮਲੌਦ

ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਮੂਲਮੰਤਰ ਅਸਥਾਨ ਸੰਤ ਘਾਟ ਸ੍ਰੀ ਸੁਲਤਾਨਪੁਰ ਲੋਧੀ ਸਾਹਿਬ ਵਿਖੇ 1 ਨਵੰਬਰ ਤੋਂ ਚੱਲ ਰਹੇ ਧਾਰਮਿਕ ਸਮਾਗਮਾਂ 'ਚ ਸਾਰੀਆਂ ਸਿੱਖ ਸੰਪਰਦਾਵਾਂ, ਜੱਥੇਬੰਦੀਆਂ, ਸੰਤ ਸਮਾਜ ਤੇ ਟਕਸਾਲਾਂ ਦੀ ਇਕੱਤਰਤਾ ਦੌਰਾਨ ਨਿਰਮਲ ਡੇਰਾ ਬੇਰ ਕਲਾਂ ਦੇ ਮੁੱਖੀ ਸੰਤ ਬੇਅੰਤ ਸਿੰਘ ਤੇ ਸੰਤ ਬਾਬਾ ਸੁਖਦੇਵ ਸਿੰਘ (ਸ੍ਰੀ ਹੇਮਕੁੰਟ ਸਾਹਿਬ ਲੰਗਰਾਂ ਵਾਲੇ) ਵੱਲੋਂ ਸ਼ਮੂਲੀਅਤ ਕੀਤੀ ਗਈ। ਸੰਤ ਬਾਬਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਕਤ ਸਮਾਗਮ ਦੌਰਾਨ ਸੰਤ ਬਾਬਾ ਹਰਨਾਮ ਸਿੰਘ ਜੀ ਮੁੱਖੀ ਦਮਦਮੀ ਟਕਸਾਲ ਤੇ ਪ੍ਰਧਾਨ ਸੰਤ ਸਮਾਜ ਦੀ ਅਗਵਾਈ 'ਚ ਸੰਤ ਸਮਾਜ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਧਾਰਮਿਕ ਵਿਚਾਰਾਂ ਕੀਤੀਆਂ ਗਈਆਂ। ਸੰਤ ਬੇਰ ਕਲਾਂ ਵਾਲਿਆਂ ਵੱਲੋਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੇ ਰਸਤੇ 'ਚ ਸੰਗਤ ਦੀ ਸੇਵਾ ਸੰਭਾਲ ਤੇ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਪਾਏ ਯੋਗਦਾਨ ਲਈ ਸਨਮਾਨ ਕੀਤਾ ਗਿਆ।