ਜ.ਸ, ਸਮਰਾਲਾ : ਘਰੇਲੂ ਵਿਵਾਦ ਦੇ ਬਾਅਦ ਇਕ ਅੌਰਤ ਨੇ ਆਪਣੀਆਂ ਦੋ ਧੀਆਂ ਨਾਲ ਨਹਿਰ 'ਚ ਛਾਲ ਮਾਰ ਦਿੱਤੀ। ਲੋਕਾਂ ਨੇ ਅੌਰਤ ਤੇ ਉਸ ਦੀ ਦੋ ਸਾਲ ਦੀ ਧੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਪਰ ਛੇ ਸਾਲ ਦੀ ਧੀ ਲਾਪਤਾ ਹੋ ਗਈ। ਉਸ ਦੀ ਕਾਫੀ ਭਾਲ ਕੀਤੀ ਗਈ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਫਿਲਹਾਲ ਮਾਂ ਤੇ ਧੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅੌਰਤ ਦੀ ਪਛਾਣ ਸਾਹਨੇਵਾਲ ਵਾਸੀ ਗੁਰਦੀਪ ਕੌਰ ਵਜੋਂ ਹੋਈ ਹੈ।
ਚਸ਼ਮਦੀਦਾਂ ਮੁਤਾਬਕ ਅੌਰਤ ਆਪਣੀਆਂ ਦੋ ਧੀਆਂ ਸਮੇਤ ਨੀਲੋਂ ਨਹਿਰ ਕੋਲ ਪੁੱਜੀ ਤੇ ਦੋਵਾਂ ਨੂੰ ਗੋਦੀ ਚੁੱਕ ਕੇ ਨਹਿਰ 'ਚ ਛਾਲ ਮਾਰ ਦਿੱਤੀ। ਇਸ ਦੌਰਾਨ ਅੌਰਤ ਤੇ ਉਸ ਦੀ ਦੋ ਸਾਲਾ ਧੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਛੇ ਸਾਲ ਦੀ ਧੀ ਪਾਣੀ 'ਚ ਰੁੜ ਗਈ। ਦੋਵਾਂ ਨੂੰ ਸਿਵਲ ਹਸਪਤਾਲ ਸਮਰਾਲਾ ਲਿਆਂਦਾ ਗਿਆ, ਜਿਥੇ ਬੱਚੀ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਸਮਰਾਲਾ ਥਾਣੇ ਦੇ ਐੱਸਐੱਚਓ ਭਿੰਡਰ ਖੰਗੂੜਾ ਮੁਤਾਬਕ ਲਾਪਤਾ ਬੱਚੀ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਅੌਰਤ ਦੇ ਪਤੀ ਨੂੰ ਥਾਣੇ ਸੱਦਿਆ ਹੈ। ਉਸ ਤੋਂ ਪੁੱਛਗਿੱਛ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਧਰ, ਸਮਰਾਲਾ ਹਸਪਤਾਲ ਦੇ ਡਾ. ਓਸ਼ੋ ਬਲਗਨ ਨੂੰ ਅੌਰਤ ਨੇ ਦੱਸਿਆ ਕਿ ਘਰ 'ਚ ਝਗੜਾ ਹੋਣ ਕਾਰਨ ਉਹ ਘਰ ਛੱਡ ਕੇ ਆ ਗਈ ਤੇ ਇਹ ਕਦਮ ਚੁੱਕ ਲਿਆ।