ਸੰਜੀਵ ਗੁਪਤਾ, ਜਗਰਾਓਂ : ਜਗਰਾਓਂ 'ਚ 71ਵੇਂ ਆਰਮੀ ਦਿਹਾੜੇ 'ਤੇ ਵੱਜਰਾ ਏਅਰ ਡਿਫੈਂਸ ਬ੍ਰਿਜ ਵੱਲੋਂ ਕਰਵਾਈ ਗਈ ਮੈਰਾਥਨ ਦੌੜ ਵਿੱਚ ਫੌਜੀ ਜਵਾਨਾਂ ਅਤੇ ਸਕੂਲੀ ਵਿਦਿਆਥੀਆਂ ਨੇ ਹਿਸਾ ਲਿਆ। ਤਿਰੰਗੇ ਦੇ ਤਿੰਨੋ ਰੰਗਾਂ 'ਚ ਰੰਗੇ ਵਿਦਿਆਰਥੀਆਂ ਨੇ ਇਸ ਦੌੜ ਰਾਹੀ ਅੱਜ ਦੇ ਦਿਹਾੜੇ ਨੂੰ ਜਿੱਥੇ ਸਲਾਮ ਕੀਤਾ ਉੱਥੇ ਦੇਸ਼ ਦੀ ਰਾਖੀ ਕਰਦਿਆਂ ਸ਼ਹੀਦ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਤੋਂ ਸ਼ੁਰੂ ਹੋਈ ਇਸ ਮੈਰਾਥਨ ਦੌੜ ਨੂੰ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਵਰਿੰਦਰ ਸਿੰਘ ਬਰਾੜ ਅਤੇ ਕਮਾਂਡਿੰਗ ਅਫਸਰ ਕਰਨਲ ਇੰਦਰਜੀਤ ਸਿੰਘ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਦੌੜ ਵਿਚ ਇਲਾਕੇ ਦੇ ਡੇਢ ਸੌ ਵਿਦਿਆਰਥੀਆਂ ਤੋਂ ਇਲਾਵਾ ਫੌਜੀ ਜਵਾਨਾਂ ਨੇ ਵੀ ਹਿੱਸਾ ਲਿਆ। ਇਸ ਮੌਕੇ ਐੱਸਐੱਸਪੀ ਵਰਿੰਦਰ ਸਿੰਘ ਬਰਾੜ ਨੇ ਕਿਹਾ ਕਿ ਦੇਸ਼ ਦੀ ਆਨ ਬਾਨ ਅਤੇ ਸ਼ਾਨ ਨੂੰ ਬਰਕਰਾਰ ਰੱਖਣ ਵਿਚ ਅਹਿਮ ਯੋਗਦਾਨ ਪਾਉਣ ਵਾਲੀ ਫ਼ੌਜ ਪ੍ਰਤੀ ਪਿਆਰ ਅਤੇ ਸਤਿਕਾਰ ਦਾ ਸਬੂਤ ਹੈ। ਅੱਜ ਦੀ ਮੈਰਾਥਨ, ਜਿਸ ਵਿਚ ਜਿੱਥੇ ਸੈਂਕੜੇ ਵਿਦਿਆਰਥੀਆਂ ਨੇ ਭਾਗ ਲਿਆ ਉੱਥੇ ਸ਼ਹਿਰੀ ਵੀ ਵੱਡੀ ਗਿਣਤੀ ਵਿਚ ਪੁੱਜੇ ਹਨ। ਇਸ ਮੌਕੇ ਮੇਜਰ ਅਸ਼ੋਕ ਕੁਮਾਰ, ਐੱਸਪੀ ਰੁਪਿੰਦਰ ਭਾਰਦਵਾਜ, ਡੀਐੱਸਪੀ ਪ੍ਰਭਜੋਤ ਕੌਰ, ਸੀਆਈਏ ਸਟਾਫ ਦੇ ਮੁਖੀ ਇੰਸਪੈਕਟਪ ਲਖਵੀਰ ਸਿੰਘ , ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ, ਕੈਪਟਨ ਨਰੇਸ਼ ਵਰਮਾ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਨਿਰਮਲ ਕੌਰ ਆਦਿ ਹਾਜ਼ਰ ਸਨ।