ਲੱਕੀ ਘੁਮੈਤ, ਸਾਹਨੇਵਾਲ/ਲੁਧਿਆਣਾ

ਸਾਹਨੇਵਾਲ ਤੋਂ ਕੋਹਾੜਾ ਜਾਣ ਵਾਲੇ ਫਲਾਈ ਓਵਰ ਪੁੱਲ ਤੋਂ ਲੰਘਣ ਵਾਲੇ ਰਾਹਗੀਰ ਆਪਣੀ ਜਾਨ ਖ਼ਤਰੇ 'ਚ ਪਾ ਕੇ ਇਸ ਪੁਲ ਤੋਂ ਲੰਘ ਰਹੇ ਹਨ, ਕਿਉਂਕਿ ਪਿਛਲੇ ਕਈ ਦਿਨਾਂ ਤੋਂ ਪੁਲ 'ਚ ਪਿਆ ਇਹ ਪਾੜ ਦਿਨੋ-ਦਿਨ ਵੱਡਾ ਹੁੰਦਾ ਜਾ ਰਿਹਾ ਹੈ, ਜਿਸ ਕਰ ਕੇ ਇਸ ਪੁਲ ਤੋਂ ਲੰਘਣ ਵਾਲੇ ਰਾਹਗੀਰ ਪੂਰੀ ਦਹਿਸ਼ਤ 'ਚ ਹਨ ਤੇ ਹੋਰ ਕੋਈ ਲਾਂਘਾ ਨਾ ਹੋਣ ਕਰ ਕੇ ਆਪਣੇ ਜਾਨ ਤਲੀ 'ਤੇ ਰੱਖ ਕੇ ਇੱਥੋਂ ਲੰਘ ਰਹੇ ਹਨ। ਇਸ ਪੁਲ ਦੀ ਉਸਾਰੀ ਸ਼੍ਰੋਮਣੀ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਵੇਲੇ ਹੋਈ ਸੀ ਤੇ ਉਦੋਂ ਪੰਜਾਬ ਦੇ ਕੈਬਨਿਟ ਮੰਤਰੀ ਤੇ ਮੌਜੂਦਾ ਹਲਕਾ ਸਾਹਨੇਵਾਲ ਦੇ ਵਿਧਾਇਕ ਸ਼ਰਨਜੀਤ ਸਿੰਘ ਿਢੱਲੋਂ ਵੱਲੋਂ ਇਸ ਪੁਲ ਦਾ ਉਦਘਾਟਨ ਕੀਤਾ ਗਿਆ ਸੀ। ਸਥਾਨਕ ਰਾਹਗੀਰਾਂ ਨੇ ਦੱਸਿਆ ਕਿ ਕੁਝ ਦਿਨ ਪਿਆ ਮਾਮੂਲੀ ਪਾੜ ਇਸ ਵੇਲੇ ਕਾਫੀ ਵੱਡਾ ਤੇ ਡੂੰਘਾ ਹੋ ਚੁੱਕਿਆ ਹੈ। ਇਸ ਪੁਲ ਤੇ ਭਾਰੀ ਆਵਾਜਾਈ ਹੋਣ ਕਰ ਕੇ ਇੱਥੋਂ ਲੰਘਣ ਵਾਲੇ ਓਵਰਲੋਡ ਟਿੱਪਰਾਂ ਕਰ ਕੇ ਵੀ ਇਹ ਪਾੜ ਹੁਣ ਥੱਲੇ ਨੂੰ ਦੱਬਦਾ ਨਜ਼ਰ ਆ ਰਿਹਾ ਹੈ। ਕਈ ਜਾਗਰੂਕ ਰਾਹਗੀਰਾਂ ਨੇ ਇਸ ਪਾੜ ਵਾਲੀ ਥਾਂ 'ਤੇ ਕੋਈ ਸੜਕੀ ਰਿਫਲੈਕਟਰ ਰੱਖ ਕੇ ਕਿਸੇ ਵੀ ਹੋਣ ਵਾਲੇ ਹਾਦਸੇ ਤੋਂ ਲੋਕਾਂ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਰਾਹਗੀਰਾਂ ਨੂੰ ਦਿਨ ਵੇਲੇ ਤਾਂ ਇਹ ਪਾੜ ਵਿਖਾਈ ਦੇ ਜਾਂਦਾ ਹੈ, ਪਰ ਰਾਤ ਦੇ ਹਨੇਰੇ 'ਚ ਇਸ ਪੁਲ ਤੋਂ ਲੰਘਣ ਨਾਲੇ ਅਣਜਾਣ ਰਾਹਗੀਰ ਕਿਸੇ ਵੇਲੇ ਵੀ ਹਾਦਸੇ ਦਾ ਸ਼ਿਕਾਰ ਬਣ ਸਕਦੇ ਹਨ।

-ਕੀ ਕਹਿੰਦੇ ਨੇ ਸਾਬਕਾ ਕੈਬਨਿਟ ਮੰਤਰੀ ਤੇ ਮੌਜੂਦਾ ਵਿਧਾਇਕ ਿਢੱਲੋਂ

ਇਸ ਲੋਕ ਮੁੱਦੇ ਸਬੰਧੀ ਜਦੋਂ ਸਾਬਕਾ ਕੈਬਨਿਟ ਮੰਤਰੀ ਤੇ ਮੌਜੂਦਾ ਹਲਕਾ ਸਾਹਨੇਵਾਲ ਵਿਧਾਇਕ ਸ਼ਰਨਜੀਤ ਸਿੰਘ ਿਢੱਲੋਂ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਮੌਜੂਦਾ ਕੈਪਟਨ ਸਰਕਾਰ ਲੋਕ ਮੁੱਦਿਆਂ ਪ੍ਰਤੀ ਆਪਣੀ ਪੂਰੀ ਲਾਪਰਵਾਹੀ ਵਿਖਾ ਰਹੀ ਹੈ ਤੇ ਸਮੁੱਚੀ ਅਫ਼ਸਰਸ਼ਾਹੀ ਬੇਲਗਾਮ ਹੋ ਚੁੱਕੀ ਹੈ। ਉਨ੍ਹਾਂ ਨੂੰ ਲੋਕਾਂ ਦੇ ਜਾਨ-ਮਾਲ ਨਾਲ ਕੋਈ ਸਾਰੋਕਾਰ ਨਹੀਂ ਰਿਹਾ। ਇਸ ਮਸਲੇ ਨੂੰ ਉਨ੍ਹਾਂ ਨੇ ਸਬੰਧਿਤ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਸੀ ਪਰ ਹੁਣ ਤਕ ਕੋਈ ਸੁਣਵਾਈ ਨਹੀਂ ਹੋਈ। ਜਲਦੀ ਹੀ ਉਹ ਇਸ ਮਸਲੇ ਨੂੰ ਲੁਧਿਆਣਾ ਦੇ ਡੀਸੀ ਦੇ ਧਿਆਨ 'ਚ ਲਿਆ ਕੇ ਇਸ ਦਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ।

-ਸਤਵਿੰਦਰ ਬਿੱਟੀ ਨੇ ਫੋਨ ਨਾਂ ਚੁੱਕਣ ਦੀ ਪਿਰਤ ਰੱਖੀ ਬਰਕਰਾਰ

ਇਸ ਮਸਲੇ ਤੋਂ ਜਾਣੂ ਕਰਵਾਉਣ ਲਈ ਜਦੋਂ ਕਾਂਗਰਸ ਪਾਰਟੀ ਹਲਕਾ ਸਾਹਨੇਵਾਲ ਦੀ ਇੰਚਾਰਜ ਬੀਬੀ ਸਤਵਿੰਦਰ ਬਿੱਟੀ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਬਾਰ-ਬਾਰ ਫੋਨ ਕਰਨ ਦੇ ਬਾਵਜੂਦ ਫੋਨ ਨਹੀਂ ਚੁੱਕਿਆ ਤੇ ਆਪਣੀ ਫੋਨ ਨਾਂ ਚੁੱਕਣ ਦੀ ਪਿਰਤ ਨੂੰ ਉਸੇ ਤਰ੍ਹਾਂ ਬਰਕਰਾਰ ਰੱਖਿਆ।

-ਕੀ ਕਹਿੰਦੇ ਹਨ ਨਗਰ ਕੌਂਸਲ ਪ੍ਰਧਾਨ ਕੈਪਟਨ ਸੁਖਜੀਤ ਸਿੰਘ ਹਰਾ

-ਨਗਰ ਕੌਂਸਲ ਸਾਹਨੇਵਾਲ ਦੇ ਪ੍ਰਧਾਨ ਕੈਪਟਨ ਸੁਖਜੀਤ ਸਿੰਘ ਹਰਾ ਨਾਲ ਜਦੋਂ ਇਸ ਮਸਲੇ ਦੇ ਸਬੰਧ 'ਚ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਕਾਫੀ ਗੰਭੀਰ ਹੈ। ਇਸ ਪੁੱਲ ਤੋਂ ਅਕਸਰ ਓਵਰਲੋਡ ਟਿੱਪਰਾਂ ਦੀ ਭਾਰੀ ਆਵਾਜਾਈ ਰਹਿੰਦੀ ਹੈ। ਜਿਨ੍ਹਾਂ ਵਿੱਚ 60-70 ਟਨ ਤੋਂ ਵੱਧ ਮਾਲ ਭਰਿਆ ਹੁੰਦਾ ਹੈ। ਸੜਕਾਂ ਦੀ ਵਜਨ ਝੱਲਣ ਦੀ ਸਮਰੱਥਾ ਤੋਂ ਵੀ ਕਈ ਗੁਣਾ ਵੱਧ ਭਾਰ ਵਾਲੇ ਟਿੱਪਰ ਇੱਥੋਂ ਲੰਘਣ ਨਾਲ ਪੁੱਲ ਹੋਰ ਵੀ ਜ਼ਿਆਦਾ ਦੱਬ ਸਕਦਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਓਵਰਲੋਡ ਟਿੱਪਰਾਂ 'ਤੇ ਬਣਦੀ ਕਾਰਵਾਈ ਕਰਨ ਤੇ ਪੁਲ ਦੀ ਮੁਰੰਮਤ ਹੋਣ ਤਕ ਇਨ੍ਹਾਂ ਭਾਰੇ ਵ੍ਹੀਕਲਾਂ ਦਾ ਪੁਲ਼ ਤੋਂ ਲੰਘਣਾ ਬੰਦ ਕੀਤਾ ਜਾਵੇ।

-ਮੁੱਢਲੇ ਆਧਾਰ 'ਤੇ ਕਰਾਵਾਂਗੇ ਪੁਲ਼ ਦੀ ਮੁਰੰਮਤ : ਐੱਸਡੀਐੱਮ ਪੂਰਬੀ

ਇਸ ਮੁੱਦੇ ਬਾਰੇ ਜਦੋਂ ਲੁਧਿਆਣਾ ਪੂਰਬੀ ਦੇ ਐੱਸਡੀਐੱਮ ਅਮਰਜੀਤ ਸਿੰਘ ਬੈਂਸ ਨੂੰ ਦੱਸਿਆ ਗਿਆ, ਤਾਂ ਉਨ੍ਹਾਂ ਕਿਹਾ ਕਿ ਉਹ ਜਲਦ ਤੋਂ ਜਲਦ ਇਸ ਪੁਲ਼ ਦੀ ਮੁਰੰਮਤ ਕਰਵਾਉਣ ਲਈ ਸਬੰਧਿਤ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਨਗੇ ਤੇ ਮੁੱਢਲੇ ਆਧਾਰ 'ਤੇ ਇਸ ਪੁਲ਼ ਦੀ ਮੁਰੰਮਤ ਕਰਵਾਉਣੀ ਯਕੀਨੀ ਬਣਾਉਣਗੇ।