ਐੱਸਪੀ ਜੋਸ਼ੀ, ਲੁਧਿਆਣਾ : ਥਾਣਾ ਟਿੱਬਾ ਦੇ ਅਧੀਨ ਚੰਦਰ ਲੋਕ ਕਾਲੋਨੀ 'ਚ ਘਰੇਲੂ ਕਲੇਸ਼ ਤੇ ਪਤੀ ਦੀ ਕੁੱਟਮਾਰ ਤੋਂ ਪਰੇਸ਼ਾਨ ਵਿਆਹੁਤਾ ਨੇ ਫਾਹਾ ਲੈ ਲਿਆ। ਮੌਤ ਨੂੰ ਗਲੇ ਲਗਾਉਣ ਵਾਲੀ ਅੌਰਤ ਦੀ ਪਛਾਣ ਸੰਗੀਤਾ (26) ਦੇ ਰੂਪ 'ਚ ਹੋਈ ਹੈ। ਇਸ ਮਾਮਲੇ 'ਚ ਪੁਲਿਸ ਨੇ ਮਿ੍ਤਕ ਦੇ ਮਾਮਾ ਅਰਵਿੰਦ ਕੁਮਾਰ ਵਾਸੀ ਹਰਦੋਈ ਦੇ ਬਿਆਨ 'ਤੇ ਮਿ੍ਤਕ ਅੌਰਤ ਦੇ ਪਤੀ ਸੁਭਾਸ਼ ਤੇ ਸਹੁਰੇ ਭਈਆ ਲਾਲ ਖ਼ਿਲਾਫ਼ ਆਤਮ-ਹੱਤਿਆ ਲਈ ਉਕਸਾਉਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਇਸ ਮਾਮਲੇ 'ਚ ਹਰਦੋਈ ਯੂਪੀ ਦੇ ਰਹਿਣ ਵਾਲੇ ਅਰਵਿੰਦ ਕੁਮਾਰ ਨੇ ਦੱਸਿਆ ਕਿ ਉਸ ਦੀ ਭਾਣਜੀ ਸੰਗੀਤਾ ਦਾ ਵਿਆਹ ਸੁਭਾਸ਼ ਨਾਲ ਹੋਇਆ ਸੀ ਤੇ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਸੁਭਾਸ਼ ਤੇ ਸੰਗੀਤਾ ਟਿੱਬਾ ਰੋਡ ਚੰਦਰ ਲੋਕ ਕਾਲੋਨੀ 'ਚ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਗਏ। ਬੀਤੇ ਕਰੀਬ ਛੇ ਮਹੀਨੇ ਤੋਂ ਸੰਗੀਤਾ ਦਾ ਪਤੀ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਦਾ ਤੇ ਘਰ 'ਚ ਛੋਟੀ-ਛੋਟੀ ਗੱਲ ਤੋਂ ਕਲੇਸ਼ ਕਰਦਾ ਸੀ। ਘਰ ਦੇ ਇਸ ਲੜਾਈ ਝਗੜੇ ਕਾਰਨ ਸੰਗੀਤਾ ਮਾਨਸਿਕ ਤੌਰ 'ਤੇ ਤਣਾਅ 'ਚ ਰਹਿੰਦੀ ਸੀ। ਤਣਾਅ ਕਾਰਨ ਹੀ ਸੰਗੀਤਾ ਨੇ ਘਰ 'ਚ ਪੱਖੇ ਦੀ ਹੁੱਕ ਨਾਲ ਫਾਹਾ ਲੈ ਲਿਆ। ਉਨ੍ਹਾਂ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਟਿੱਬਾ ਦੀ ਪੁਲਿਸ ਕੋਲ ਦਰਜ ਕਰਵਾ ਦਿੱਤੀ ਹੈ। ਤਫ਼ਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਵਿਨੋਦ ਕੁਮਾਰ ਮੁਤਾਬਕ ਮੁਲਜ਼ਮ ਪਤੀ ਤੇ ਉਸ ਦੇ ਪਿਤਾ ਖ਼ਿਲਾਫ਼ ਆਤਮ ਹੱਤਿਆ ਲਈ ਉਕਸਾਉਣ ਦੇ ਦੋਸ਼ਾਂ 'ਚ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।