ਸੁਖਦੇਵ ਸਿੰਘ, ਲੁਧਿਆਣਾ : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਵਿਰੋਧੀ ਬਿੱਲਾਂ ਦੇ ਖਿਲਾਫ ਅਤੇ ਪੰਜਾਬ ਦੀ ਕਿਰਸਾਨੀ ਦੇ ਹੱਕ ਵਿੱਚ ਆਵਾਜ ਬੁਲੰਦ ਕਰਦੇ ਹੋਏ ਪਾਰਟੀ ਹਾਈ ਕਮਾਂਡ ਦੇ ਦਿਸ਼ਾਂ ਨਿਰਦੇਸ਼ਾਂ 'ਤੇ ਨੈਸਨਲ ਅਕਾਲੀ ਦਲ, ਦਿੱਲੀ ਦੇ ਸੂਬਾ ਪ੍ਰਧਾਨ ਤੇ ਉੱਥੇ ਵਪਾਰੀ ਆਰਐੱਸ ਟਾਰਜਨ ਨੇ ਕਿਹਾ ਕਿ ਇਹ ਕਾਲੇ ਕਾਨੂੰਨ ਪੰਜਾਬ ਦੇ ਕਿਸਾਨਾਂ ਨੂੰ ਬਰਬਾਦ ਕਰ ਦੇਣਗੇ ਜਿਸ ਨਾਲ ਪੰਜਾਬ ਦੀ ਆਰਥਿਕਤਾ ਤਬਾਹ ਹੋ ਜਾਵੇਗੀ। ਪਾਰਟੀ ਨੇ ਕੇਂਦਰੀ ਸਰਕਾਰ ਤੋਂ ਇਨ੍ਹਾਂ ਖੇਤੀ ਵਿਰੋਧੀ ਤੇ ਪੰਜਾਬ ਵਿਰੋਧੀ ਕਾਨੂੰਨਾਂ ਨੂੰ ਤੁਰੰਤ ਵਾਪਿਸ ਲੈਣ ਅਤੇ ਖੇਤੀ ਮਾਹਿਰਾਂ ਦੀ ਰਾਏ ਲੈਕੇ ਜਰੂਰੀ ਸੋਧ ਕਰਨ ਦੀ ਮੰਗ ਕੀਤੀ। ਮੋਦੀ ਸਰਕਾਰ ਦੇ ਨਾਲ ਨਾਲ ਕਾਂਗਰਸ ਅਤੇ ਅਕਾਲੀ ਦਲ ਬਾਦਲ ਨੁੰ ਵੀ ਇਹ ਕਾਲੇ ਕਾਨੂੰਨ ਬਣਾਉਣ ਲਈ ਬਰਾਬਰ ਦੇ ਜਿੰਮੇਵਾਰ ਦੱਸਿਆ ਗਿਆ। ਟਾਰਜਨ ਨੇ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਇਨ੍ਹਾਂ ਪਾਰਟੀਆਂ ਦੇ ਝਾਂਸੇ ਵਿੱਚ ਨਹੀ ਆਵੇਗੀ ਕਿਉਂਕਿ ਉਂਗਲੀ ਨੁੰ ਖੂਨ ਲਗਾਕੇ ਸ਼ਹੀਦ ਅਖਵਾਉਣ ਵਾਲਿਆਂ ਦੀ ਸਚਾਈ ਨੂੰ ਲੋਕ ਚੰਗੀ ਤਰ੍ਹਾਂ ਜਾਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਨੈਸ਼ਨਲ ਅਕਾਲੀ ਦਲ ਕਿਸਾਨਾਂ ਦੇ ਸੰਘਰਸ ਵਿੱਚ ਸ਼ਾਮਿਲ ਹੋਵੇਗੀ। ਇਸ ਮੌਕੇ ਕੰਵਲਜੀਤ ਸਿੰਘ, ਰੂਬਲਪ੍ਰਰੀਤ ਸਿੰਘ, ਅਮਰਜੀਤ ਸਿੰਘ, ਅਸ਼ੋਕ ਧੀਰ ਆਦਿ ਨੇ ਵੀ ਖੇਤੀ ਵਿਰੋਧੀ ਬਿੱਲਾ ਖ਼ਿਲਾਫ ਕਿਸਾਨਾਂ ਦੇ ਸੰਘਰਸ ਵਿੱਚ ਵੱਧ ਚੜਕੇ ਹਿੱਸਾ ਲੈਣ ਦਾ ਐਲਾਨ ਕੀਤਾ।