ਜਾਗਰਣ ਟੀਮ, ਜਲੰਧਰ : Rail Roko Andolan : ਲਖੀਮਪੁਰ ਖੀਰੀ ਮਾਮਲੇ ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਬਰਖ਼ਾਸਤ ਕਰਨ ਤੇ ਉਸ ਦੀ ਗਿ੍ਰਫ਼ਤਾਰੀ ਦੀ ਮੰਗ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੀ ਅਪੀਲ ’ਤੇ ਸੋਮਵਾਰ ਨੂੰ ਕਿਸਾਨਾਂ ਨੇ ਸੂਬੇ ’ਚ 72 ਥਾਵਾਂ ’ਤੇ ਰੇਲ ਟਰੈਕਾਂ ’ਤੇ ਧਰਨਾ ਦਿੱਤਾ। ਕਿਸਾਨਾਂ ਦੇ ਰੇਲ ਰੋਕੋ ਪ੍ਰੋਗਰਾਮ ਕਾਰਨ ਫਿਰੋਜ਼ਪੁਰ ਰੇਲ ਮੰਡਲ ਨੇ ਪੰਜ ਗੱਡੀਆਂ ਰੱਦ ਕਰ ਦਿੱਤੀਆਂ। ਇਸ ਤੋਂ ਇਲਾਵਾ ਕਈ ਰੇਲ ਗੱਡੀਆਂ ਨੂੰ ਸ਼ਾਰਟ ਟਰਮੀਨਲ ਕੀਤਾ ਗਿਆ। ਕਿਸਾਨ ਸਵੇਰੇ ਨੌਂ ਵਜੇ ਤੋਂ ਹੀ ਰੇਲ ਟਰੈਕਾਂ ’ਤੇ ਬੈਠ ਗਏ ਤੇ ਉਨ੍ਹਾਂ ਦੁਪਹਿਰੇ ਤਿੰਨ ਵਜੇ ਤਕ ਰੇਲ ਆਵਾਜਾਈ ਨੂੰ ਰੋਕੀ ਰੱਖਿਆ। ਇਸ ਕਾਰਨ ਦਰਜਨਾਂ ਗੱਡੀਆਂ ਨੂੰ ਰਾਹ ’ਚ ਹੀ ਰੋਕਣਾ ਪਿਆ।

ਬਠਿੰਡੇ ਤੋਂ ਚੱਲਣ ਵਾਲੀਆਂ ਤੇ ਇੱਥੋਂ ਹੋ ਕੇ ਲੰਘਣ ਵਾਲੀਆਂ 15 ਗੱਡੀਆਂ ਦਾ ਸੰਚਾਲਨ ਨਹੀਂ ਹੋ ਸਕਿਆ। ਫਿਰੋਜ਼ਪੁਰ ਤੋਂ ਲੁਧਿਆਣਾ ਜਾਣ ਵਾਲੀ ਪਸੰਜਰ ਗੱਡੀ ਨੂੰ ਮੋਗੇ ਸਟੇਸ਼ਨ ’ਤੇ ਰੋਕ ਦਿੱਤਾ ਗਿਆ। ਉੱਥੇ ਲੁਧਿਆਣੇ ’ਚ ਫਿਰੋਜ਼ਪੁਰ-ਚੰਡੀਗੜ੍ਹ ਐਕਸਪ੍ਰੈੱਸ, ਪੱਛਮ ਐਕਸਪ੍ਰੈੱਸ ਤੇ ਚੰਡੀਗੜ੍ਹ-ਫਿਰੋਜ਼ਪੁਰ ਐਕਸਪ੍ਰੈੱਸ ਨੂੰ ਰਾਹ ’ਚ ਹੀ ਰੋਕਣਾ ਪਿਆ। ਏਸੇ ਤਰ੍ਹਾਂ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਭਾਵਨਗਰ-ਊਧਮਪੁਰ ਐਕਸਪ੍ਰੈੱਸ ਤੇ ਆਮਰਪਾਲੀ ਐਕਸਪ੍ਰੈੱਸ ਨੂੰ ਰੋਕ ਦਿੱਤਾ ਗਿਆ। ਚੰਡੀਗੜ੍ਹ

ਇੰਟਰਸਿਟੀ ਨੂੰ ਜਲੰਧਰ ਦੇ ਦਕੋਹਾ ਫਾਟਕ ਤੇ ਅੰਮ੍ਰਿਤਸਰ-ਮੁੰਬਈ ਟਰਮੀਨਲ ਗੱਡੀ ਨੂੰ ਜਲੰਧਰ ਦੇ ਕਰਤਾਰਪੁਰ ਸਟੇਸ਼ਨ ’ਤੇ ਰੋਕ ਦਿੱਤਾ ਗਿਆ। ਗੁਰਦਾਸਪੁਰ ’ਚ ਰਾਵੀ ਐਕਸਪ੍ਰੈੱਸ ਤੇ ਰੂਪਨਗਰ ਦੇ ਮੋਰਿੰਡਾ ’ਚ ਅੰਬਾਲਾ-ਨੰਗਲ ਪਸੰਜਰ ਟਰੇਨ ਨੂੰ ਰੋਕ ਦਿੱਤਾ ਗਿਆ। ਫਾਜ਼ਿਲਕਾ ਤੋਂ ਸਵੇਰੇ ਛੇ ਵਜੇ ਜਾਣ ਵਾਲੀ ਫਿਰੋਜ਼ਪੁਰ ਦੀ ਪਸੰਜਰ ਗੱਡੀ ਨਹੀਂ ਚੱਲ ਸਕੀ। ਸ਼ਾਮ ਕਰੀਬ ਤਿੰਨ ਵਜੇ ਕਿਸਾਨ ਰੇਲਵੇ ਲਾਈਨਾਂ ਤੋਂ ਹਟੇ ਤਾਂ ਉਸ ਤੋਂ ਬਾਅਦ ਗੱਡੀਆਂ ਦਾ ਸੰਚਾਲਨ ਸ਼ੁਰੂ ਹੋ ਸਕਿਆ। ਇਸ ਕਾਰਨ ਗੱਡੀਆਂ ’ਚ ਸਫ਼ਰ ਕਰ ਰਹੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਕਿੱਥੇ ਕਿੰਨੀਆਂ ਥਾਵਾਂ ’ਤੇ ਟਰੈਕ ’ਤੇ ਬੈਠੇ ਕਿਸਾਨ

ਫ਼ਰੀਦਕੋਟ : 8

ਅੰਮ੍ਰਿਤਸਰ : 8

ਲੁਧਿਆਣਾ : 6

ਹੁਸ਼ਿਆਰਪੁਰ : 5

ਕਪੂਰਥਲਾ : 5

ਪਟਿਆਲਾ : 4

ਬਠਿੰਡਾ : 4

ਰੂਪਨਗਰ : 4

ਜਲੰਧਰ : 4

ਸੰਗਰੂਰ : 3

ਗੁਰਦਾਸਪੁਰ : 3

ਬਰਨਾਲਾ : 3

ਮੋਗਾ : 3

ਫਾਜ਼ਿਲਕਾ : 3

ਮੁਕਤਸਰ : 3

ਫਿਰੋਜ਼ਪੁਰ : 3

ਫ਼ਤਹਿਗੜ੍ਹ ਸਾਹਿਬ : 2

ਤਰਨਤਾਰਨ : 1

ਬਟਾਲਾ : 1

ਨਵਾਂਸ਼ਹਿਰ : 1

ਪਠਾਨਕੋਟ : 1

Posted By: Seema Anand