ਸੰਜੀਵ ਗੁਪਤਾ, ਜਗਰਾਓਂ : ਸ਼ਹਿਰ 'ਚ ਸਰਗਰਮ ਲੁਟੇਰਿਆਂ ਨੇ ਅੱਧੀ ਰਾਤ ਨੂੰ ਜਗਰਾਓਂ ਦੇ ਨੈਸ਼ਨਲ ਹਾਈਵੇ 'ਤੇ ਸਥਿਤ ਇਕ ਫੀਡ ਫੈਕਟਰੀ ਨੂੰ ਨਿਸ਼ਾਨਾ ਬਣਾਉਂਦਿਆਂ ਚੌਂਕੀਦਾਰ ਨੂੰ ਜ਼ਖ਼ਮੀ ਕਰਕੇ 42 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਸੂਤਰਾਂ ਅਨੁਸਾਰ ਇਸ ਮਾਮਲੇ 'ਚ ਪੁਲਿਸ ਨੇ ਇੱਕ ਨਕਾਬਪੋਸ਼ ਲੁਟੇਰੇ ਨੂੰ ਕਾਬੂ ਕਰ ਲਿਆ ਪਰ ਇਸ ਦੀ ਪੁਸ਼ਟੀ ਨਹੀਂ ਕੀਤੀ।

ਜਾਣਕਾਰੀ ਅਨੁਸਾਰ ਸਥਾਨਕ ਲੁਧਿਆਣਾ ਨੈਸ਼ਨਲ ਹਾਈਵੇ 'ਤੇ ਸਥਿਤ ਮਲਾਈ ਮੱਖਣ ਫੀਡ ਫੈਕਟਰੀ 'ਚ ਅੱਧੀ ਰਾਤ ਦੇ ਵੇਲੇ ਖੇਤਾਂ 'ਚ ਦੀ ਦੋ ਨਕਾਬਪੋਸ਼ ਲੁਟੇਰੇ ਕੰਧ ਟੱਪ ਕੇ ਅੰਦਰ ਦਾਖ਼ਲ ਹੋ ਗਏ, ਜਿਨ੍ਹਾਂ ਫੈਕਟਰੀ 'ਚ ਤਾਇਨਾਤ ਚੌਂਕੀਦਾਰ ਜੈ ਪ੍ਰਕਾਸ਼ ਦੀ ਕੁੱਟਮਾਰ ਕਰਦਿਆਂ ਉਸ ਨੂੰ ਜ਼ਖ਼ਮੀ ਕਰ ਦਿੱਤਾ।

ਇਸੇ ਦੌਰਾਨ ਦੋਵਾਂ ਨਕਾਬਪੋਸ਼ਾਂ ਨੇ ਫੀਡ ਫੈਕਟਰੀ 'ਚ ਪਈ 42 ਹਜ਼ਾਰ ਰੁਪਏ ਨਕਦੀ ਲੁੱਟ ਲਈ। ਇਸ ਮਾਮਲੇ 'ਚ ਨਕਾਬਪੋਸ਼ਾਂ ਦੇ ਜਾਣ ਤੋਂ ਬਾਅਦ ਜ਼ਖ਼ਮੀ ਚੌਂਕੀਦਾਰ ਨੇ ਫੈਕਟਰੀ ਮਾਲਕਾਂ ਨੂੰ ਸੂਚਿਤ ਕੀਤਾ ਤੇ ਉਨ੍ਹਾਂ ਪੁਲਿਸ ਨੂੰ ਸੂਚਨਾ ਦਿੱਤੀ। ਦੇਰ ਰਾਤ 2 ਵਜੇ ਪੁਲਿਸ ਪੁੱਜੀ ਤੇ ਉਨ੍ਹਾਂ ਸੀਸੀਟੀਵੀ ਕੈਮਰੇ ਖੰਗਾਲੇ ਤਾਂ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਨਕਾਬਪੋਸ਼ ਸਾਹਮਣੇ ਆਏ।

ਇਸ ਸਬੰਧੀ ਪੁਲਿਸ ਚੌਕੀ ਚੌਂਕੀਮਾਨ ਦੇ ਇੰਚਾਰਜ ਗੁਰਦੀਪ ਸਿੰਘ ਨੇ ਦੱਸਿਆ ਉਕਤ ਮਾਮਲੇ 'ਚ ਪੁਲਿਸ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਹੈ। ਲੁੱਟ ਦੀ ਵਾਰਦਾਤ ਸਬੰਧੀ ਪੁਲਿਸ ਹੱਥ ਕਈ ਸੁਰਾਗ ਲੱਗੇ ਹਨ। ਦੋਵੇਂ ਲੁਟੇਰੇ ਜਲਦ ਹੀ ਪੁਲਿਸ ਗਿ੍ਫ਼ਤ 'ਚ ਹੋਣਗੇ।