ਸੁਰਿੰਦਰ ਅਰੋੜਾ/ਸੁਖਦੇਵ ਗਰਗ, ਦਾਖਾ : 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ 'ਚ ਅਕਾਲੀ ਦਲ ਸਿਆਸੀ ਰੋਟੀਆਂ ਸੇਕਣ ਲਈ ਧਾਰਮਿਕ ਸਮਾਗਮਾਂ ਵਿਚ ਰੁਕਾਵਟਾਂ ਖੜ੍ਹੀਆਂ ਕਰ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਹ ਦੋਸ਼ ਕੈਪਟਨ ਸੰਦੀਪ ਸੰਧੂ ਦੇ ਹੱਕ ਵਿਚ ਰੋਡ ਸ਼ੋਅ ਦੌਰਾਨ ਕਹੇ।

ਉਨ੍ਹਾਂ ਕਿਹਾ ਕਿ ਤਿੰਨ ਕੈਬਨਿਟ ਮੰਤਰੀ ਸ਼ੋ੍ਮਣੀ ਕਮੇਟੀ ਦੇ ਨੁਮਾਇੰਦਿਆਂ ਨੂੰ ਮਿਲੇ ਅਤੇ ਸਾਂਝਾ ਸਮਾਗਮ ਕਰਵਾਉਣ 'ਤੇ ਸਕਾਰਾਤਮਕ ਵਿਚਾਰਾਂ ਹੋਈਆਂ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਦੋ ਨੁਮਾਇੰਦੇ ਜਿਹੜੇ ਨਾਮਜ਼ਦ ਕੀਤੇ ਗਏ ਹਨ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਕਾਲੀ ਦਲ ਦੇ ਨੁਮਾਇੰਦਿਆਂ ਨਾਲ ਨਿਰੰਤਰ ਮੀਟਿੰਗਾਂ ਕਰ ਰਹੇ ਹਨ ਅਤੇ ਸਾਰਾ ਕੁਝ ਠੀਕ-ਠਾਕ ਚੱਲ ਰਿਹਾ ਹੈ ਪਰ ਇਸ ਦੇ ਬਾਵਜੂਦ ਸੁਖਬੀਰ ਤੇ ਹਰਸਿਮਰਤ ਲਗਾਤਾਰ ਰੁਕਾਵਟਾਂ ਪਾਉਂਦੇ ਆ ਰਹੇ ਹਨ।

ਉਨ੍ਹਾਂ ਅਕਾਲੀ ਦਲ ਨੂੰ ਸਿਧਾਂਤਹੀਣ ਪਾਰਟੀ ਦੱਸਦਿਆਂ ਕਿਹਾ ਕਿ ਭਾਜਪਾ ਨਾਲ ਸਬੰਧਾਂ ਵਿਚ ਇਸ ਦੇ ਦੂਹਰੇ ਮਾਪਦੰਡ ਹਨ ਜਿਹੜੀ ਪਾਰਟੀ ਨਾਲ ਉਨ੍ਹਾਂ ਦਾ ਹਰਿਆਣਾ ਵਿਚ ਸਖ਼ਤ ਵਿਰੋਧ ਹੈ, ਉਸੇ ਭਾਜਪਾ ਦੇ ਉਮੀਦਵਾਰਾਂ ਲਈ ਉਹ ਪੰਜਾਬ ਵਿਚ ਵੋਟਾਂ ਮੰਗ ਰਹੇ ਹਨ।

ਮੁੱਖ ਮੰਤਰੀ ਨੇ ਪਾਕਿਸਤਾਨ ਵੱਲੋਂ ਭਾਰਤੀ ਸ਼ਰਧਾਲੂਆਂ ਉੱਪਰ 20 ਡਾਲਰ ਫ਼ੀਸ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਸੰਗਤ ਉੱਤੇ ਟਿਕਟ ਲਾਉਣਾ ਕਿਸੇ ਪੱਖੋਂ ਵੀ ਅਨੁਕੂਲ ਨਹੀਂ। ਉਨ੍ਹਾਂ ਸਹਿਮਤੀ ਪ੍ਰਗਟਾਈ ਕਿ ਪਾਕਿਸਤਾਨ ਕਸ਼ਮੀਰ ਵਿਚਲੇ ਘਟਨਾਕ੍ਰਮ ਤੋਂ ਬਾਅਦ ਹਥਿਆਰਾਂ ਤੇ ਅੱਤਵਾਦੀਆਂ ਨੂੰ ਭੇਜ ਕੇ ਪੰਜਾਬ ਵਿਚ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਲਈ ਪੂਰੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਅਜਿਹੀ ਸਥਿਤੀ ਦੇ ਟਾਕਰੇ ਲਈ ਪੂਰੀ ਤਰ੍ਹਾਂ ਤਿਆਰ ਹੈ। ਸੂਬੇ ਵਿਚ ਅਮਨ, ਕਾਨੂੰਨ ਦੀ ਵਿਵਸਥਾ ਖ਼ਰਾਬ ਨਹੀਂ ਹੋਣ ਦਿੱਤੀ ਜਾਵੇਗੀ।

ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿਚ ਭਾਰੀ ਪ੍ਰਦੂਸ਼ਣ ਲਈ ਪੰਜਾਬ ਤੇ ਹਰਿਆਣਾ ਨੂੰ ਜ਼ਿੰਮੇਵਾਰ ਠਹਿਰਾਉਣ ਵਾਲੇ ਬਿਆਨ 'ਤੇ ਬੋਲਦਿਆਂ ਕੈਪਟਨ ਨੇ ਕਿਹਾ ਕਿ ਵੱਡਾ ਮਾਮਲਾ ਇਹ ਹੈ ਕਿ ਦਿੱਲੀ ਵਿਚ ਇਕੱਲਿਆਂ ਹੀ ਏਨਾ ਪ੍ਰਦੂਸ਼ਣ ਹੈ ਜਿੰਨਾ ਪੰਜਾਬ ਤੇ ਹਰਿਆਣਾ ਮਿਲ ਕੇ ਨਹੀਂ ਫੈਲਾਉਂਦੇ।

ਕੇਜਰੀਵਾਲ ਨੂੰ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਦੂਜੇ ਸੂਬਿਆਂ 'ਤੇ ਦੋਸ਼ ਨਹੀਂ ਲਾਉਣੇ ਚਾਹੀਦੇ। ਇਸ ਮੌਕੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਆਸ਼ਾ ਕੁਮਾਰੀ, ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਕਈ ਵਿਧਾਇਕ ਅਤੇ ਇਸ ਹਲਕੇ ਦੇ ਪਾਰਟੀ ਲੀਡਰ ਹਾਜ਼ਰ ਸਨ।