ਪੱਤਰ ਪ੍ਰਰੇਰਕ, ਸਮਰਾਲਾ : ਬਰਵਾਲੀ ਨਜ਼ਦੀਕ ਹੋਏ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਜ਼ਖ਼ਮੀ ਨੌਜਵਾਨ ਦੀ ਮੌਤ ਹੋ ਗਈ। ਹਾਦਸੇ ਵਾਲੀ ਰਾਤ ਨੌਜਵਾਨ ਕਾਫ਼ੀ ਦੇਰ ਤਕ ਤੜਫ਼ਦਾ ਰਿਹਾ। ਉੱਥੋਂ ਲੰਘਣ ਵਾਲੇ ਲੋਕ ਉਸ ਨੂੰ ਮੈਡੀਕਲ ਸਹਾਇਤਾ ਦੇਣ ਦੇ ਬਜਾਏ ਉਸ ਨੂੰ ਦੇਖਣ ਉਪਰੰਤ ਆਪਣੀ ਮੰਜ਼ਿਲ ਵੱਲ ਵਧਦੇ ਚਲੇ ਗਏ। ਚਾਹੇ ਸੁਪਰੀਮ ਕੋਰਟ ਨੇ ਸਾਫ਼ ਤੌਰ 'ਤੇ ਇਸ ਗੱਲ ਨੂੰ ਯਕੀਨੀ ਬਣਾਇਆ ਹੈ ਕਿ ਜੇਕਰ ਕੋਈ ਵੀ ਵਿਅਕਤੀ ਸੜਕ ਹਾਦਸੇ 'ਚ ਜ਼ਖ਼ਮੀ ਹੋਏ ਵਿਅਕਤੀ ਜਾਂ ਵਿਅਕਤੀਆਂ ਨੂੰ ਹਸਪਤਾਲ 'ਚ ਪਹੁੰਚਾਉਂਦਾ ਹੈ ਤਾਂ ਉਸਦੇ ਖ਼ਿਲਾਫ਼ ਕੋਈ ਵੀ ਕਾਰਵਾਈ ਤੇ ਨਾ ਹੀ ਪੁੱਛਗਿਛ ਕੀਤੀ ਜਾਵੇਗੀ, ਦੇ ਬਾਵਜੂਦ ਉਹ ਨੌਜਵਾਨ ਤੜਫ਼ਦਾ ਰਿਹਾ। ਜਾਣਕਾਰੀ ਅਨੁਸਾਰ ਗੁਰਪ੍ਰਰੀਤ ਸਿੰਘ (25) ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਬਰਵਾਲੀ ਪੁਰ ਰੋਜ਼ਾਨਾ ਦੀ ਤਰ੍ਹਾਂ ਜਦੋਂ ਡਿਊਟੀ ਖ਼ਤਮ ਕਰਨ ਦੇ ਉਪਰੰਤ ਆਪਣੇ ਘਰ ਆ ਰਿਹਾ ਸੀ ਤਾਂ ਜਿਵੇਂ ਹੀ ਉਹ ਆਪਣੇ ਪਿੰਡ ਤੋਂ ਥੋੜ੍ਹਾ ਪਿੱਛੇ ਸੀ ਤਾਂ ਉਦੋਂ ਸੜਕ ਵਿਚਕਾਰ ਤੇਜ਼ੀ ਨਾਲ ਭੱਜਦਾ ਹੋਇਆ ਇਕ ਰੋਜ ਉਸ ਨਾਲ ਜਾ ਟਕਰਾਇਆ। ਇਸ ਹਾਦਸੇ 'ਚ ਉਹ ਸਿਰ ਦੇ ਭਾਰ ਥੱਲੇ ਜਾ ਡਿੱਗਾ ਤੇ ਕਾਫ਼ੀ ਦੇਰ ਤਕ ਤੜਫ਼ਦਾ ਰਿਹਾ। ਬਾਅਦ 'ਚ ਉਸ ਨੂੰ ਪਾਇਲ ਦੇ ਸਿਵਲ ਹਸਪਤਾਲ 'ਚ ਲੈ ਜਾਇਆ ਗਿਆ, ਜਿੱਥੋਂ ਉਸ ਦੀ ਹਾਲਤ ਨੂੰ ਵਿਗੜਦੇ ਵੇਖ ਉਸ ਨੂੰ ਖੰਨਾ ਦੇ ਸਿਵਲ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ, ਜਿੱਥੇ ਅੱਜ ਉਸਦੀ ਮੌਤ ਹੋ ਗਈ। ਪੁਲਿਸ ਨੇ ਇਸ ਸਬੰਧ 'ਚ ਧਾਰਾ 174 ਦੇ ਅਧੀਨ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਦੇ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।