ਜੇਐੱਨਐੱਨ, ਲੁਧਿਆਣਾ : ਜੀਟੀ ਰੋਡ ਦੇ ਟਿੱਬਾ ਚੌਕ ਇਲਾਕੇ 'ਚ ਅੱਗੇ ਜਾ ਰਹੀ ਕਾਰ ਨੂੰ ਬੇਕਾਬੂ ਹੋਏ ਟਰੱਕ ਨੇ ਪਿੱਛੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਰੋਡ 'ਤੇ ਚੱਲ ਰਹੀ ਕਾਰ ਇਕਦਮ ਪਿੱਛੇ ਨੂੰ ਘੁੰਮ ਗਈ।


ਉਸ ਤੋਂ ਬਾਅਦ ਟਰੱਕ ਤੇ ਰੋਡ ਦੇ ਡਿਵਾਈਡਰ ਗਰਿਲ ਵਿਚਾਲੇ ਫਸ ਗਈ। ਟਰੱਕ ਤੇ ਡਿਵਾਈਡਰ ਗਰਿਲ ਦੇ ਪ੍ਰੈਸ਼ਰ ਨਾਲ ਦੱਬੀ ਕਾਰ ਦੇ ਪਰਖੱਚੇ ਉਡ ਗਏ। ਘਟਨਾ ਦੇ ਸਮੇਂ ਕਾਰ 'ਚ ਇਕ ਹੀ ਪਰਿਵਾਰ ਦੇ 3 ਲੋਕ ਸਵਾਰ ਸਨ। ਜੋ ਉਸ 'ਚ ਬੁਰੀ ਤਰਾਂ ਫਸ ਗਏ। ਹਾਦਸੇ ਤੋਂ ਬਾਅਦ ਡਰਾਈਵਰ ਟਰੱਕ ਨੂੰ ਛੱਡ ਕੇ ਫ਼ਰਾਰ ਹੋ ਗਿਆ।


ਮੌਕੇ 'ਤੇ ਪਹੁੰਚੀ ਥਾਣਾ ਟਿੱਬਾ ਦੀ ਪੁਲਿਸ ਨੇ ਲੋਕਾਂ ਦੀ ਮਦਦ ਨਾਲ ਟਰੱਕ ਨੂੰ ਧੱਕਾ ਲਗਵਾ ਕੇ ਪਿੱਛੇ ਕਰਵਾਇਆ। ਉਸ 'ਚ ਫਸੇ ਪਿਓ-ਪੁੱਤਰ ਨੂੰ ਬਾਹਰ ਕਢਵਾਇਆ। ਕਾਰ ਨੂੰ ਚਲਾ ਰਹੀ ਮੁਟਿਆਰ ਨੂੰ ਬਾਹਰ ਕੱਢਣ ਲਈ ਕਾਰ ਦੇ ਦਰਵਾਜ਼ੇ ਕੱਟਣੇ ਪਏ। ਹਾਦਸੇ 'ਚ ਸਾਰੇ ਲੋਕ ਵਾਲ-ਵਾਲ ਬਚ ਗਏ। ਪਰ ਮੁਟਿਆਰ ਬੁਰੀ ਤਰਾਂ ਨਾਲ ਜ਼ਖ਼ਮੀ ਹੋ ਗਈ ਹੈ। ਉਸ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦਿਆਂ ਕਪੂਰਥਲਾ ਦੇ ਅਰਬਨ ਅਸਟੇਟ ਵਾਸੀ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਸ਼ਨਿਚਰਵਾਰ ਆਪਣੇ ਪਿਤਾ ਸਰਦੂਲ ਸਿੰਘ ਤੇ ਪੁੱਤਰੀ ਅਮਨਪ੍ਰੀਤ ਕੌਰ ਨਾਲ ਯਮੁਨਾਨਗਰ ਲਈ ਰਵਾਨਾ ਹੋਏ ਸਨ।


ਜਸਵੀਰ ਸਿੰਘ ਰੇਲਵੇ ਦੇ ਸੇਵਾਮੁਕਤ ਮੁਲਾਜ਼ਮ ਹਨ। ਗੱਡੀ ਉਨ੍ਹਾਂ ਦੀ ਪੁੱਤਰੀ ਅਮਨਪ੍ਰੀਤ ਕੌਰ ਚਲਾ ਰਹੀ ਸੀ। ਸ਼ਾਮ 4.30 ਵਜੇ ਲੁਧਿਆਣਾ ਦੇ ਜਲੰਧਰ ਬਾਈਪਾਸ ਤੋਂ ਬਸਤੀ ਜੋਧੇਵਾਲ ਚੌਕ ਹੁੰਦੇ ਹੋਏ ਜਿਵੇਂ ਹੀ ਉਹ ਲੋਕ ਟਿੱਬਾ ਚੌਕ ਪਹੁੰਚੇ। ਉਸ ਦੌਰਾਨ ਪਿੱਛੋਂ ਆ ਰਹੇ ਹਰਿਆਣਾ ਨੰਬਰ ਦੇ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਨੂੰ ਖੱਬੇ ਪਾਸਿਓਂ ਜ਼ਬਰਦਸਤ ਟੱਕਰ ਮਾਰ ਦਿੱਤੀ।

ਜਿਸ ਨਾਲ ਉਨ੍ਹਾਂ ਦੀ ਕਾਰ ਇਕਦਮ ਸੱਜੇ ਪਾਸੇ ਘੁੰਮ ਗਈ। ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਘੜੀਸਦੇ ਹੋਏ ਡਿਵਾਈਡਰ ਦੀ ਗਰਿਲ ਵਿਚਾਲੇ ਦਬਾ ਦਿੱਤਾ। ਜਿਸ ਨਾਲ ਉਨ੍ਹਾਂ ਦੀ ਕਾਰ ਦੇ ਪੁਰਜੇ-ਪੁਰਜੇ ਦੂਰ ਜਾ ਡਿੱਗੇ। ਰਾਹਗੀਰਾਂ ਦੀ ਮਦਦ ਨਾਲ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪੁੱਤਰੀ ਨੂੰ ਕੁਝ ਫਰੈਕਚਰ ਆਏ ਹਨ। ਥਾਣਾ ਟਿੱਬਾ ਦੇ ਐਸ ਐਚਓ ਦਲਜੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਟਰੱਕ ਨੂੰ ਕਬਜ਼ੇ 'ਚ ਲੈ ਕੇ ਮੁਲਜ਼ਮ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।


-ਹਾਦਸੇ ਤੋਂ ਬਾਅਦ ਜੀਟੀ ਰੋਡ 'ਤੇ ਲੰਬਾ ਜਾਮ ਲੱਗ ਗਿਆ

ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਜਿਸ ਕਾਰਨ ਜੀਟੀ ਰੋਡ ਤੇ ਆਸ-ਪਾਸ ਵਾਲੀ ਲਿੰਕ ਰੋਡ 'ਤੇ ਟ੍ਰੈਫਿਕ ਦਾ ਬੋਝ ਵਧ ਗਿਆ। ਜੀਟੀ ਰੋਡ ਤੋਂ ਉਤਰ ਕੇ ਗਲੀਆਂ 'ਚੋਂ ਹੁੰਦੇ ਹੋਏ ਨਿਕਲਣ ਦੀ ਜਲਦੀ ਵਾਲੇ ਵਾਹਨ ਉੱਥੇ ਫਸ ਕੇ ਰਹਿ ਗਏ। ਆਵਾਜਾਈ ਨੂੰ ਫਿਰ ਤੋਂ ਸੁਚਾਰੂ ਢੰਗ ਨਾਲ ਚਲਾਉਣ 'ਚ ਪੁਲਿਸ ਨੂੰ 2 ਘੰਟੇ ਤੋਂ ਜ਼ਿਆਦਾ ਦਾ ਸਮਾਂ ਲੱਗ ਗਿਆ।

Posted By: Jagjit Singh