ਐੱਸਪੀ ਜੋਸ਼ੀ/ਲੁਧਿਆਣਾ : ਮਹਾਨਗਰ ਦੇ ਟਿੱਬਾ ਰੋਡ ਦੇ ਗੁਰਮੇਲ ਪਾਰਕ 'ਚ ਚੌਕ 'ਚ ਮੰਗਲਵਾਰ ਸਵੇਰੇ ਉਦੋਂ ਸਨਸਨੀ ਫੈਲ ਗਈ, ਜਦੋਂ ਉੱਥੇ ਇਕ ਰਿਕਸ਼ਾ ਚਾਲਕ ਦਾ ਟਾਵਰ ਲਾਈਨਾਂ ਦੇ ਨੇੜੇ ਮੰਗਲਵਾਰ ਤੜਕੇ ਖੂਨ ਨਾਲ ਲੱਥਪੱਥ ਲਾਸ਼ ਬਰਾਮਦ ਹੋਈ। ਹਾਲਾਤ ਮੁਤਾਬਕ ਰਿਕਸ਼ਾ ਚਲਾਉਣ ਵਾਲੇ ਮਜ਼ਦੂਰ ਦੇ ਸਿਰ 'ਤੇ ਇੱਟਾਂ ਨਾਲ ਵਾਰ ਕਰ ਕੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਿਆ ਗਿਆ ਸੀ। ਵਿਅਕਤੀ ਦੇ ਕਤਲ ਦਾ ਪਤਾ ਲੱਗਦੇ ਹੀ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸੂਚਨਾ ਮਿਲਦੇੇ ਹੀ ਏਡੀਸੀਪੀ-4 ਅਜਿੰਦਰ ਸਿੰਘ, ਏਸੀਪੀ ਦਵਿੰਦਰ ਚੌਧਰੀ, ਥਾਣਾ ਟਿੱਬਾ ਦੇ ਮੁਖੀ ਸੁਖਦੇਵ ਰਾਜ, ਸੀਆਈਏ ਟੀਮ ਤੇ ਫੌਰੈਂਸਿਕ ਟੀਮ ਦੇ ਨਾਲ ਮੌਕੇ 'ਤੇ ਪੁੱਜੇ। ਲਾਸ਼ ਦੇ ਕੋਲ ਸੀਮਿੰਟ ਵਾਲਾ ਨੋਕਦਾਰ ਪੱਥਰ ਪਿਆ ਹੋਇਆ ਸੀ, ਜਿਸ 'ਤੇ ਖ਼ੂਨ ਦੇ ਨਿਸ਼ਾਨ ਸਨ।

ਜਾਣਕਾਰੀ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮੌਕੇ 'ਤੇ ਪੁੱਜ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੜਤਾਲ ਦੌਰਾਨ ਮਿ੍ਤਕ ਦੀ ਜੇਬ 'ਚੋਂ ਮਿਲੇ ਸ਼ਨਾਖਤੀ ਕਾਰਡ ਤੋਂ ਮਿ੍ਤਕ ਦੀ ਪਛਾਣ ਗੁਰਮੇਲ ਪਾਰਕ ਦੇ ਰਹਿਣ ਵਾਲੇ ਮੁਹੰਮਦ ਚੁਨਾਚੁਨ (49) ਦੇ ਰੂਪ 'ਚ ਹੋਈ ਹੈ। ਉਹ ਮੂਲ ਤੌਰ 'ਤੇ ਬਿਹਾਰ ਦੇ ਬੇਗੂਸਰਾਏ ਦਾ ਰਹਿਣ ਵਾਲਾ ਸੀ। ਫਿਲਹਾਲ ਪੁਲਿਸ ਨੇ ਅਣਪਛਾਤੇ ਕਾਤਲ ਖ਼ਿਲਾਫ਼ ਪਰਚਾ ਦਰਜ ਕਰ ਕੇ ਕਈ ਪਾਸਿਓਂ ਪੜਤਾਲ ਸ਼ੁਰੂ ਕੀਤੀ ਹੈ। ਮੰਗਲਵਾਰ ਸਵੇਰੇ ਕਰੀਬ ਪੰਜ ਵਜੇ ਟਿੱਬਾ ਰੋਡ ਰਹਿਣ ਵਾਲੇ ਕੁਝ ਲੋਕਾਂ ਨੇ ਮਜ਼ਦੂਰ ਦੀ ਖੂਨ ਨਾਲ ਲੱਥਪੱਥ ਗਲੀ 'ਚ ਪਈ ਲਾਸ਼ ਵੇਖ ਕੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਪੜਤਾਲ ਲਈ ਮੌਕੇ 'ਤੇ ਪੁੱਜੀ ਪੁਲਿਸ ਪਾਰਟੀ ਨੂੰ ਕਤਲ ਕਰਨ ਲਈ ਵਰਤੀ ਗਈ। ਖੂਨ ਨਾਲ ਲੱਥਪੱਥ ਇੱਟ ਵੀ ਬਰਾਮਦ ਹੋਈ ਹੈ। ਇਸ ਮਾਮਲੇ 'ਚ ਏਸੀਪੀ ਪੂਰਬੀ ਦਵਿੰਦਰ ਚੌਧਰੀ ਨੇ ਦੱਸਿਆ ਕਿ ਪਰਵਾਸੀ ਦੇ ਇਸ ਬੇਰਹਿਮੀ ਨਾਲ ਕੀਤੇ ਕਤਲ ਮਗਰ ਰੰਜਿਸ਼ ਕਾਰਨ ਲੱਗ ਰਹੀ ਹੈ। ਕਾਤਲ ਨੇ ਬੇਹੱਦ ਗੁੱਸੇ 'ਚ ਇੱਟ ਨਾਲ ਰਿਕਸ਼ਾ ਚਾਲਕ ਦੇ ਸਿਰ 'ਤੇ ਤਾਬੜ-ਤੋੜ ਕਈ ਵਾਰ ਕੀਤੇ ਸਨ।

ਜਾਣਕਾਰੀ ਮੁਤਾਬਕ ਮੁਹੰਮਦ ਚੁਨਚੁਨ ਸ਼ਰਾਬ ਪੀਣ ਦਾ ਆਦੀ ਸੀ ਅਤੇ ਉਸ ਦੀ ਪਤਨੀ ਇੰਨੇ ਦਿਨੀਂ ਉੱਤਰ-ਪ੍ਰਦੇਸ਼ ਆਪਣੇ ਪਿੰਡ 'ਚ ਰਹਿ ਰਹੀ ਸੀ ਜਦ ਕਿ ਮਿ੍ਤਕ ਦੇ ਦੋ ਪੁੱਤ ਲੁਧਿਆਣਾ ਹੀ ਰਹਿੰਦੇ ਸਨ ਤੇ ਕਰੀਬ 15 ਦਿਨ ਪਹਿਲਾਂ ਹੀ ਆਪਣੀ ਮਾਂ ਨੂੰ ਮਿਲਣ ਯੂਪੀ ਗਏ ਸਨ। ਪੁਲਿਸ ਅਧਿਕਾਰੀਆਂ ਨੇ ਕਿਆਸ ਲਾਇਆ ਕਿ ਚੁਨਾਚੁਨ ਦੀ ਸ਼ਰਾਬੀ ਹਾਲਤ 'ਚ ਕਿਸੇ ਨਾਲ ਲੜਾਈ ਝਗੜਾ ਹੋਇਆ ਹੋਵੇਗਾ ਤੇ ਨਸ਼ੇ ਦੀ ਹਾਲਤ 'ਚ ਹਮਲਾਵਰ ਨੇ ਉਸ ਨੂੰ ਮਾਰਨ ਦੀ ਨੀਅਤ ਨਾਲ ਤਾਬੜ-ਤੋੜ ਵਾਰ ਕੀਤੇ ਤੇ ਵਾਰਦਾਤ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਵਾਰਦਾਤ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ 'ਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਮਿ੍ਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਣ ਮਗਰੋਂ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਵਾਰਦਾਤ ਬਾਰੇ ਸੂਚਿਤ ਕੀਤਾ ਗਿਆ ਹੈ। ਪੁਲਿਸ ਨੇ ਪੁੱਛਗਿਛ ਲਈ 6 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਉਨ੍ਹਾਂ 'ਚੋਂ ਹੀ ਇਕ ਦਾ ਕੰਮ ਹੋ ਸਕਦਾ ਹੈ। ਹਾਲੇ ਤਕ ਦੋ ਹੋਰ ਲੋਕਾਂ ਨੂੰ ਪੁਲਿਸ ਦੀ ਭਾਲ ਹੈ, ਜਿਨ੍ਹਾਂ ਤੋਂ ਪੁੱਛਗਿਛ ਕੀਤੀ ਜਾਣੀ ਹੈ, ਪਰ ਉਹ ਦੋਵੇਂ ਫ਼ਰਾਰ ਹਨ।