ਸੰਜੀਵ ਗੁਪਤਾ, ਜਗਰਾਓਂ

ਡਿੱਗਣ ਕਿਨਾਰੇ ਦਹਾਕਿਆਂ ਪੁਰਾਣੇ ਇਤਿਹਾਸਕ ਕਮੇਟੀ ਗੇਟ ਦੀ ਆਖਿਰਕਾਰ ਨਗਰ ਕੌਂਸਲ ਨਵੀਨੀਕਰਨ ਲਈ ਆਪਣੀ ਕੁੰਭਕਰਨੀਂ ਨੀਂਦ ਤੋੜੇਗੀ। ਨਗਰ ਕੌਂਸਲ ਨੇ ਇਸ ਦੇ ਨਵੀਨੀਕਰਨ ਲਈ ਜਗਰਾਓਂ ਨਗਰ ਕੌਂਸਲ ਦੀ ਅੱਜ 27 ਫਰਵਰੀ ਵੀਰਵਾਰ ਨੂੰ ਹੋਣ ਜਾ ਰਹੀ ਹਾਊਸ ਦੀ ਮੀਟਿੰਗ ਵਿਚ ਏਜੰਡਾ ਪਾ ਦਿੱਤਾ ਹੈ। ਸਥਾਨਕ ਅਨਾਰਕਲੀ ਬਾਜ਼ਾਰ ਵਿਚ ਸਥਿਤ ਪੁਰਾਤਨ ਕਮੇਟੀ ਗੇਟ ਜੋ ਦਹਾਕਿਆਂ ਪੁਰਾਣਾ ਹੈ ਅਤੇ ਪੁਰਾਤਨ ਵਜਾਰਤ ਵੇਲੇ ਇਸ ਕਮੇਟੀ ਦੇ ਉਤੇ ਇੱਕ ਵਿਸ਼ਾਲ ਟੱਲ ਲੱਗਾ ਹੁੰਦਾ ਸੀ। ਜੋ ਮੁਸੀਬਤ 'ਚ ਆਏ ਲੋਕ ਇਸ ਨੂੰ ਵਜਾ ਕੇ ਮੱਦਦ ਦੀ ਗੁਹਾਰ ਲਗਾਉਂਦੇ ਸਨ ਪਰ ਕਮੇਟੀ ਦੇ ਅਵੇਸਲੇਪਣ ਕਾਰਨ ਪਿਛਲੇ ਕੁਝ ਸਮੇਂ ਪਹਿਲਾਂ ਇਹ ਟੱਲ ਚੋਰੀ ਹੋ ਗਿਆ ਸੀ। ਨਗਰ ਕੌਂਸਲ ਦੇ ਅਵੇਸਲੇ ਰੁਖ ਕਾਰਨ ਕਮੇਟੀ ਗੇਟ ਦੀ ਇਮਾਰਤ ਖੰਡਰ 'ਚ ਤਬਦੀਲ ਹੋ ਚੁੱਕੀ ਹੈ ਅਤੇ ਇਸ ਦੇ ਡਿੱਗ ਜਾਣ ਦਾ ਵੀ ਖ਼ਤਰਾ ਹੈ। ਲੋਕਾਂ ਵੱਲੋਂ ਵਾਰ ਵਾਰ ਨਗਰ ਕੌਂਸਲ ਨੂੰ ਹਲੂਣਾ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਨਗਰ ਕੌਂਸਲ ਨੇ ਆਪਣੀ ਕੁੰਭਕਰਨੀਂ ਨੀਂਦ ਨਾ ਤੋੜੀ। ਆਖਿਰਕਾਰ ਅੱਜ ਨਗਰ ਕੌਂਸਲ ਵੱਲੋਂ ਇਸ ਪੁਰਾਤਨ ਇਤਿਹਾਸਕ ਯਾਦਗਾਰ ਦੀ ਸਾਂਭ ਸੰਭਾਲ, ਮੁਰੰਮਤ ਅਤੇ ਨਵੀਨੀਕਰਨ ਲਈ ਮਤਾ ਪਾਇਆ ਗਿਆ ਹੈ।

----------

ਕੁੱਤਿਆਂ ਦੀ ਹੋਵੇਗੀ ਨਸਬੰਦੀ

ਜਗਰਾਓਂ ਸ਼ਹਿਰ ਵਿਚ ਕੁੱਤਿਆਂ ਦੀ ਭਰਮਾਰ 'ਤੇ ਨਗਰ ਕੌਂਸਲ ਵੱਲੋਂ ਸ਼ਹਿਰ ਦੀ ਹਦੂਦ ਵਿਚ ਘੁੰਮ ਰਹੇ ਕੁੱਤਿਆਂ ਦੀ ਨਸਬੰਦੀ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਨਗਰ ਕੌਂਸਲ ਦੀ ਮੀਟਿੰਗ ਵਿਚ ਮਤਾ ਪਾਇਆ ਗਿਆ ਹੈ, ਜਿਸ ਦੇ ਲਈ ਨਸਬੰਦੀ 'ਤੇ ਆਉਣ ਵਾਲੇ ਕਰੀਬ ਢਾਈ ਲੱਖ ਰੁਪਏ ਦੇ ਖਰਚ ਦੀ ਪ੍ਰਵਾਨਗੀ ਲਈ ਜਾਵੇਗੀ।

-------

ਬਿਜਲੀ ਦਾ ਸਾਮਾਨ ਅਤੇ ਮੈਨ ਹੋਲ ਖਰੀਦੇ ਜਾਣਗੇ

ਅੱਜ ਦੀ ਮੀਟਿੰਗ ਵਿਚ ਜਗਰਾਓਂ ਸ਼ਹਿਰ 'ਚ ਮੇਨਹੋਲਾਂ ਦੇ ਢੱਕਣ ਖਰੀਦਣ ਲਈ 5.20 ਲੱਖ, ਰੋਡ, ਜਾਅਲੀਆਂ ਦੀ ਖਰੀਦ ਅਤੇ ਮੁਰੰਮਤ ਲਈ 5 ਲੱਖ, ਮੇਨ ਚੌਂਕ ਤੋਂ ਅੱਡਾ ਰਾਏਕੋਟ ਤਕ ਬਣੇ ਫੁੱਟਪਾਥ ਨੂੰ ਰੰਗ ਕਰਨ ਲਈ 2 ਲੱਖ, ਬਿਜਲੀ ਦੇ ਸਮਾਨ ਦੀ ਖਰੀਦ ਲਈ 9.55 ਲੱਖ, ਵਾਟਰ ਸਪਲਾਈ ਤੇ ਸੀਵਰੇਜ ਮੈਨੀਟੈਂਨਸ ਸ਼ਾਖਾ ਵਿਚ ਡਿਸਪੋਜਲ ਨੰਬਰ 1 ਤੇ 300 ਕੇ.ਵੀ.ਆਰ ਦਾ ਟਰਾਂਸਫਾਰਮਰ ਖਰੀਦ ਲਈ 4 ਲੱਖ 65 ਹਜ਼ਾਰ ਦੀ ਪ੍ਰਵਾਨਗੀ ਲਈ ਜਾਵੇਗੀ।