ਜਸਵੀਰ ਸਿੰਘ ਬੰਗਾ, ਲੁਧਿਆਣਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਸਬੰਧੀ ਗੁਰਦੁਆਰਾ ਗੁਰ ਸਾਗਰ ਸਿੰਘ ਸਭਾ ਸਲੇਮਟਾਬਰੀ ਤੋਂ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ 'ਚ ਸ਼ਾਮਲ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੀ ਪਾਲਕੀ ਅੱਗੇ ਸੰਗਤ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀ ਸੀ। ਨਗਰ ਕੀਰਤਨ 'ਚ ਸਕੂਲੀ ਬੱਚੇ, ਬੈਂਡ ਪਾਰਟੀਆਂ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਅਤੇ ਗੁਰੂ ਕੀ ਲਾਡਲੀ ਫ਼ੌਜ ਸ਼ਾਮਲ ਸੀ। ਨਗਰ ਕੀਰਤਨ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਹੋਇਆ। ਨਗਰ ਕੀਰਤਨ ਦੇ ਰੂਟ ਨੂੰ ਦੁਕਾਨਦਾਰਾਂ ਵੱਲੋਂ ਸਜਾਵਟੀ ਗੇਟਾਂ ਨਾਲ ਸਜਾਇਆ ਹੋਇਆ ਸੀ ਅਤੇ ਨਗਰ ਕੀਰਤਨ 'ਚ ਸ਼ਾਮਲ ਸੰਗਤ ਲਈ ਦੁਕਾਨਦਾਰਾਂ ਵੱਲੋਂ ਥਾਂ-ਥਾਂ ਲੰਗਰ ਲਗਾਏ ਗਏ ਸਨ। ਨਗਰ ਕੀਰਤਨ ਦਾ ਚਾਂਦਨੀ ਚੌਕ ਸਲੇਮਟਾਬਰੀ ਵਿਖੇ ਪਹੁੰਚਣ 'ਤੇ ਸੀਨੀਅਰ ਅਕਾਲੀ ਆਗੂ ਬਲਦੇਵ ਸਿੰਘ ਭੱਲਾ ਦੀ ਅਗਵਾਈ ਹੇਠ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਅਕਾਲੀ ਆਗੂ ਬਲਦੇਵ ਸਿੰਘ ਭੱਲਾ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੀਰਇੰਦਰ ਸਿੰਘ ਭੋਲਾ, ਜੇਪੀ ਸਿੰਘ, ਹਰਮੀਤ ਸਿੰਘ, ਪਰਮਜੀਤ ਸਿੰਘ ਪੰਮੀ ਆਹੂਜਾ, ਸੁਰਿੰਦਰ ਸਿੰਘ, ਤਰਲੋਕ ਸਿੰਘ, ਰਜਿੰਦਰ ਸਿੰਘ ਜਿੰਮੀ, ਕੁਲਵਿੰਦਰ ਸਿੰਘ ਸਲੇਮਟਾਬਰੀ, ਦਲਵਿੰਦਰ ਸਿੰਘ ਘੁੰਮਣ ਸਮੇਤ ਵੱਡੀ ਗਿਣਤੀ ਸੰਗਤ ਮੌਜੂਦ ਸੀ।