ਸਟਾਫ਼ ਰਿਪੋਰਟਰ, ਖੰਨਾ : ਸਵਾਮੀ ਦੀਪਤਾਨੰਦ ਅਵਧੂਤ ਆਸ਼ਰਮ ਚੱਕ ਮਾਫੀ 'ਚ ਸਤਿਗੁਰ ਬੰਦੀ ਛੋੜ ਦੀਪਤਾਨੰਦ ਮਹਾਰਾਜ ਦੇ ਸਮਾਧੀ ਥਾਂ 'ਤੇ ਸਤਿਗੁਰ ਬੰਦੀ ਛੋੜ ਹਰਿਹਰਾਨੰਦ ਤੇ ਸਵਾਮੀ ਕ੍ਰਿਸ਼ਨਾਨੰਦ ਮਹਾਰਾਜ ਦੀ ਅਸੀਮ ਕ੍ਰਿਪਾ ਨਾਲ 39ਵੀਂ ਬਰਸੀ (ਨਿਰਵਾਣ ਮਹਾਉਤਸਵ) ਧੂਮਧਾਮ ਨਾਲ ਮਨਾਇਆ ਗਿਆ। ਮਹਾਉਤਸਵ ਦੌਰਾਨ 11 ਅਖੰਡ ਪਾਠਾਂ ਦਾ ਸੰਪੂਰਣ ਭੋਗ ਸਵਾਮੀ ਅੰਮਿ੍ਤਾਨੰਦ ਨੇ ਸੰਤ ਮਹਾਪੁਰਖਾਂ ਤੇ ਸਾਧ ਸੰਗਤ ਦੀ ਹਾਜ਼ਰੀ 'ਚ ਪਾਏ ਗਏ। ਇਸ ਦੌਰਾਨ ਹਵਨ ਕੀਤਾ ਗਿਆ। ਸਤਸੰਗ 'ਚ ਅਨੇਕਾਂ ਰਾਗੀ ਜੱਥੇ ਤੇ ਹਰਿਆਣਾ ਤੇ ਯੂਪੀ ਤੋਂ ਆਏ ਭਗਤ ਲੋਕਾਂ ਨੇ ਆਪਣੀ ਬਾਣੀ ਨਾਲ ਗਿਆਨ ਅੰਮਿ੍ਤ ਦੀ ਵਰਖਾ ਕੀਤੀ। ਇਸ ਮੌਕੇ ਸਵਾਮੀ ਜਤਿੰਦਰਾਨੰਦ, ਸੰਜੈ ਬਰਹਮਚਾਰੀ, ਅਮਰਾਨੰਦ ਚਾਂਗ ਹਰਿਆਣਾ, ਰਜਨੀਸ਼ ਧੋਲ ਬਿਰਤਾਂਤ, ਹਰਪਾਲ ਗਿਰੀ, ਬਰਹਮਾਨੰਦ, ਰਵਿੰਦਰ ਮੁਨੀ ਆਦਿ ਸੰਤ ਮਹਾਪੁਰਖਾਂ ਨੇ ਸ਼ਰਧਾਂਜਲੀ ਭੇਂਟ ਕੀਤੀ।

ਇਸ ਉਪਰੰਤ ਪ੍ਰਬੰਧਕਾਂ ਨੇ ਦੱਸਿਆ ਹਰ ਮਹੀਨੇ ਅੱਖਾਂ ਦੇ ਆਪਰੇਸ਼ਨ ਦਾ ਕੈਂਪ ਕੋਰੋਨਾ ਕਰਕੇ ਬੰਦ ਕਰ ਦਿੱਤਾ ਗਿਆ ਸੀ। ਉਹ ਹੁਣ 14 ਅਕਤੂਬਰ ਨੂੰ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਹੈ। ਜੋ ਵੀ ਅੱਖਾਂ ਦਾ ਆਪਰੇਸ਼ਨ ਕਰਵਾਉਣਾ ਚਾਹੁੰਦੇ ਹਨ ਉਹ ਆਸ਼ਰਮ ਵਿਖੇ ਸਵੇਰੇ 9 ਵਜੇ ਪਹੁੰਚ ਕੇ ਅੱਖਾਂ ਦੀ ਜਾਂਚ ਕਰਵਾ ਸਕਦੇ ਹਨ, ਮਰੀਜ਼ਾਂ ਦੇ ਮੁਫ਼ਤ ਅਪਰੇਸਨ ਤੇ ਜਾਂਚ ਕੀਤੀ ਜਾਵੇਗੀ।