ਸੰਜੀਵ ਗੁਪਤਾ, ਜਗਰਾਓਂ

ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਵਿਖੇ ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਦਾ ਆਗਾਜ਼ ਹੋਇਆ। ਸੋਮਵਾਰ ਨੂੰ ਇਸ ਸਮਾਗਮ ਦੀ ਆਰੰਭਤਾ ਮੌਕੇ ਸ਼੍ਰੀ ਗੁਰੂ ਗ੍ੰਥ ਸਾਹਿਬ ਜੀ ਦੇ ਅਖੰਡ ਪਾਠ ਪ੍ਰਕਾਸ਼ ਹੋਏ, ਜਿਨ੍ਹਾਂ ਦੀ ਅਰਦਾਸ ਸੰਪਰਦਾਇ ਦੇ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਕੀਤੀ।

ਇਸ ਸਮੇਂ ਉਨ੍ਹਾਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁੁਰੂ ਸਾਹਿਬ ਜੀ ਨੇ ਆਪਣਾ ਸਾਰਾ ਜੀਵਨ ਸਾਂਝੀਵਾਲਤਾ ਦੇ ਉਦੇਸ਼ ਨੂੰ ਲੈ ਕੇ ਪਹਿਰਾ ਦਿੰਦਿਆਂ ਸਿਰਫ 9 ਸਾਲ ਦੀ ਉਮਰ ਵਿਚ ਹੀ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਸ਼ਮੀਰੀ ਪੰਡਿਤਾਂ ਦੀ ਸਹਾਇਤਾ ਅਤੇ ਉਨ੍ਹਾਂ ਦੀ ਰੱਖਿਆ ਕਰਨ ਲਈ ਕੁਰਬਾਨੀ ਲਈ ਭੇਜ ਦਿੱਤਾ ਸੀ। ਆਪ ਜੀ ਨੇ ਗੁਰਿਆਈ ਮਿਲਣ 'ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਰੰਭੇ ਸਿੱਖ ਧਰਮ ਦੇ ਕ੍ਰਾਂਤੀਕਾਰੀ, ਦਾਰਸ਼ਨਿਕ ਸਿਧਾਤਾਂ ਨੂੰ ਤਿਬਰਤਾ ਤੇ ਕੁਸ਼ਲਤਾ ਨਾਲ ਸਿਖਰ 'ਤੇ ਪਹੁੰਚਾਇਆ। ਗੁਰੂ ਸਾਹਿਬ ਜੀ ਦੇ ਜੀਵਨ ਕਾਲ ਸਮੇਂ ਮੁਗਲ ਰਾਜੇ, ਸ਼ਾਸ਼ਕ ਗੀਰਬਾ, ਕਿਰਤੀਆਂ ਅਤੇ ਇਸਤਰੀ ਜਾਤੀ ਆਦਿ ਦੇ ਧਰਮ ਦੇ ਨਾਮ 'ਤੇ ਸ਼ੋਸਣ ਕਰਦੇ ਜ਼ੁਲਮ ਢਾਉਂਦੇ ਸਨ, ਜਿਸ 'ਤੇ ਗੁਰੂ ਸਾਹਿਬ ਜੀ ਨੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਅਤੇ ਉਨ੍ਹਾਂ ਵੱਲੋਂ ਚੁਣੇ ਗਏ ਪੰਜ ਪਿਆਰੇ ਕਿਸੇ ਇੱਕ ਜਾਤ, ਧਰਮ ਨਾਲ ਨਹੀਂ ਬਲਕਿ ਵੱਖ ਵੱਖ ਧਰਮਾਂ ਨਾਲ ਸਬੰਧਤ ਸਨ। ਉਨ੍ਹਾਂ ਪੰਜ ਪਿਆਰਿਆਂ ਅਤੇ ਹੋਰਾਂ ਸਿੱਖਾਂ ਨੂੰ 'ਸਿੰਘ' ਅਤੇ ਇਸਤਰੀਆਂ ਨੂੰ 'ਕੌਰ' ਸ਼ਬਦ ਰਾਹੀਂ ਵਿਲੱਖਣ ਪਹਿਚਾਣ ਦਿੱਤੀ, ਜੋ ਰਹਿੰਦੀ ਦੁਨੀਆ ਤਕ ਬਣੀ ਰਹੇਗੀ।

---

20 ਜਨਵਰੀ ਨੂੰ ਪੈਣਗੇ ਭੋਗ

ਸੰਤ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੇ ਸੇਵਾਦਾਰ ਭਾਈ ਧਰਮਿੰਦਰ ਸਿੰਘ ਨੇ ਦੱਸਿਆ ਕਿ ਅੱਜ ਪ੍ਰਕਾਸ਼ ਸ਼੍ਰੀ ਗੁਰੂ ਗ੍ੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ 20 ਜਨਵਰੀ ਨੂੰ ਪਾਏ ਜਾਣਗੇ। ਇਸ ਉਪਰੰਤ ਗੁਰਮਤਿ ਸਮਾਗਮ ਹੋਵੇਗਾ, ਜਿਸ ਵਿਚ ਪੰਥ ਦੇ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰ, ਵਿਦਵਾਨ ਅਤੇ ਸੰਤ ਮਹਾਪੁਰਸ਼ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਗੁਰੂ ਲੜ ਲਾਉਣਗੇ।

----

ਕਿਸਾਨੀ ਸੰਘਰਸ਼ ਦੀ ਜਿੱਤ ਲਈ ਪਾਠਾਂ ਦੀ ਲੜੀ

ਭਾਈ ਧਰਮਿੰਦਰ ਸਿੰਘ ਨਾਨਕਸਰ ਨੇ ਦੱਸਿਆ ਕਿ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਵੱਲੋਂ ਕਿਸਾਨੀ ਸੰਘਰਸ਼ ਦੀ ਜਿੱਤ ਲਈ ਨਿਰੰਤਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀਆਂ ਚੱਲ ਰਹੀਆਂ ਹਨ, ਜਿਨ੍ਹਾਂ ਦੇ ਭੋਗ ਉਪਰੰਤ ਪ੍ਰਕਾਸ਼ ਲੜੀ ਕਿਸਾਨੀ ਸੰਘਰਸ਼ ਦੀ ਜਿੱਤ ਤਕ ਜਾਰੀ ਰਹੇਗੀ।