ਸੰਜੀਵ ਗੁਪਤਾ, ਜਗਰਾਓਂ

ਦੇਸ਼-ਦੁਨੀਆਂ ਵਿਚ ਭਗਤੀ ਦਾ ਘਰ ਨਾਨਕਸਰ ਦੇ ਨਾਮ 'ਤੇ ਪ੍ਰਸਿੱਧ ਗੁਰਦੁਆਰਾ ਨਾਨਕਸਰ ਦੇ ਬਾਨੀ ਸੱਚਖੰਡ ਵਾਸੀ ਸੰਤ ਬਾਬਾ ਨੰਦ ਸਿੰਘ ਜੀ ਦੇ 150 ਸਾਲਾਂ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਅੱਜ 25 ਅਕਤੂਬਰ ਐਤਵਾਰ ਨੂੰ ਸਵੇਰੇ 11 ਵਜੇ ਆਰੰਭ ਹੋਵੇਗਾ। ਨਾਨਕਸਰ ਸੰਪਰਦਾਇ ਦੇ ਸੰਤਾਂ, ਮਹਾਪੁਰਸ਼ਾਂ ਵੱਲੋਂ ਸਜਾਇਆ ਜਾ ਰਿਹਾ ਇਹ ਨਗਰ ਕੀਰਤਨ ਜਗਰਾਓਂ ਤੋਂ ਇਲਾਵਾ ਵੱਖ ਵੱਖ ਪਿੰਡਾਂ ਵਿਚ ਦੀ ਹੁੰਦਾ ਹੋਇਆ ਬਾਬਾ ਜੀ ਦੇ ਜਨਮ ਅਸਥਾਨ ਸ਼ੇਰਪੁਰ ਕਲਾਂ ਨਗਰੀ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੇਗਾ। ਨਗਰ ਕੀਰਤਨ ਨੂੰ ਲੈ ਕੇ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੰਦਿਆਂ ਸੰਤਾਂ ਨੇ ਕਿਹਾ ਕਿ ਸ਼੍ਰੀ ਗੁਰੂ ਗ੍ੰਥ ਸਾਹਿਬ ਜੀ ਦੀ ਪਵਿੱਤਰ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਏ ਜਾ ਰਹੇ ਨਗਰ ਕੀਰਤਨ 'ਚ ਗੁਰੂ ਸਾਹਿਬ ਜੀ ਦੀ ਸੁਨਹਿਰੀ ਪਾਲਕੀ ਅਤੇ ਇਸ ਦੀ ਸਜਾਵਟ ਦੇਖਣਯੋਗ ਹੋਵੇਗੀ। ਇਹ ਨਗਰ ਕੀਰਤਨ ਗੁਰਦੁਆਰਾ ਨਾਨਕਸਰ ਤੋਂ ਸ਼ੁਰੂ ਹੋਵੇਗਾ ਅਤੇ ਪਿੰਡ ਕਲੇਰਾਂ ਵਿਚ ਦੀ ਹੁੰਦਾ ਹੋਇਆ ਬਾਬਾ ਜੀ ਦੇ ਜਨਮ ਅਸਥਾਨ ਪਿੰਡ ਸ਼ੇਰਪੁਰ ਕਲਾਂ ਵਿਖੇ ਸਮਾਪਤ ਹੋਵੇਗਾ। ਇਸ ਦੌਰਾਨ ਸ਼ੇਰਪੁਰ ਕਲਾਂ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਦੀਵਾਨ 'ਚ ਜਿਥੇ ਕੀਰਤਨੀ ਜੱਥੇ ਗੁਰੂ ਮਹਿਮਾ ਦਾ ਗੁਣਗਾਨ ਕਰਨਗੇ, ਉਥੇ ਸੰਤ ਮਹਾਪੁਰਸ਼ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਗੁਰੂ ਲੜ ਲਾਉਣਗੇ।

----

ਨਗਰ ਕੀਰਤਨ ਦਾ ਹੋਵੇ ਸਵਾਗਤ

ਧੰਨ-ਧੰਨ ਬਾਬਾ ਨੰਦ ਸਿੰਘ ਜੀ ਦੇ ਜਨਮ ਅਸਥਾਨ ਸ਼ੇਰਪੁਰ ਕਲਾਂ ਗੁਰਦੁਆਰਾ ਸਾਹਿਬ ਦੇ ਸਰਪ੍ਰਸਤ ਬਾਬਾ ਚਰਨ ਸਿੰਘ ਨੇ ਕਿਹਾ ਕਿ ਬਾਬਾ ਜੀ ਦੇ ਜਨਮ ਦਿਹਾੜੇ 'ਤੇ ਸਜਾਏ ਗਏ ਇਸ ਨਗਰ ਕੀਰਤਨ ਦੇ ਗੁਰਦੁਆਰਾ ਸਾਹਿਬ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਹੋਵੇਗਾ। ਸਮਾਗਮਾਂ ਨੂੰ ਲੈ ਕੇ ਪੂਰੇ ਪਿੰਡ ਵਿਚ ਪਹਿਲਾਂ ਹੀ ਵਿਆਹ ਵਰਗਾ ਮਾਹੌਲ ਹੈ। ਇਸ ਦੌਰਾਨ ਸੰਗਤਾਂ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ ਕਰਨਗੀਆਂ।