ਪੱਤਰ ਪੇ੍ਰਰਕ, ਰਾਏਕੋਟ : ਸੁਧਾਰ ਪੁਲਿਸ ਨੇ ਪਿੰਡ ਪੱਖੋਵਾਲ ਵਿਖੇ ਜੂਆ ਖੇਡਦੇ ਦੋ ਵਿਅਕਤੀਆਂ ਨੂੰ ਰੰਗੇ ਹੱਥੀ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਐਡੀਸ਼ਨਲ ਐੱਸਐੱਚਓ ਨਿਰਮਲ ਸਿੰਘ ਨੇ ਦੱਸਿਆ ਸੁਧਾਰ ਪੁਲਿਸ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਪਿੰਡ ਪੱਖੋਵਾਲ ਵਿਖੇ ਸਥਿਤ ਕੋਟਕ ਮਹਿੰਦਰਾ ਬੈਂਕ ਦੇ ਸਾਹਮਣੇ ਵਾਲੀ ਗਲੀ 'ਚ ਦੋ ਵਿਅਕਤੀ ਦੜਾ-ਸੱਟਾ ਲਗਾ ਰਹੇ ਹਨ ਤੇ ਲੋਕਾਂ ਨੂੰ ਦੜਾ-ਸੱਟਾ (ਜੂਆ ਖੇਡਣ) ਲਈ ਆਵਾਜ਼ਾਂ ਲਗਾ ਰਹੇ ਹਨ।

ਇਸ ਸੂਚਨਾ ਦੇ ਅਧਾਰ 'ਤੇ ਪੁਲਿਸ ਪਾਰਟੀ ਵੱਲੋਂ ਕੀਤੀ ਛਾਪੇਮਾਰੀ ਦੌਰਾਨ ਉਕਤ ਵਿਅਕਤੀਆਂ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਤੇ ਉਨ੍ਹਾਂ ਪਾਸੋਂ ਇਕ ਕਾਪੀ, ਇਕ ਪੈੱਨ ਤੇ 850 ਰੁਪਏ ਦੀ ਨਕਦੀ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਹੈਪੀ ਕੁਮਾਰ ਵਾਸੀ ਨੰਗਲ ਕਲਾਂ (ਥਾਣਾ ਜੋਧਾਂ) ਤੇ ਹਿਮਾਂਸ਼ੂ ਚੰਦੋਲ ਵਾਸੀ ਅਮਾਉ (ਉਤਰਾਖੰਡ) ਹਾਲ ਵਾਸੀ ਰਾੜਾ ਸਾਹਿਬ (ਥਾਣਾ ਪਾਇਲ) ਵਜੋਂ ਹੋਈ ਹੈ।