ਲੱਕੀ ਘੁਮੈਤ, ਸਾਹਨੇਵਾਲ/ਲੁਧਿਆਣਾ : ਗਾਰਡਨ ਰਿਜ਼ੋਰਟ ਜੀਟੀ ਰੋਡ ਸਾਹਨੇਵਾਲ ਵਿਖੇ ਪਿਛਲੇ ਤਕਰੀਬਨ ਪੰਜ ਸਾਲ ਤੋਂ ਨਗਰ ਕੌਂਸਲ ਸਾਹਨੇਵਾਲ ਦੇ ਏਰੀਆ ਅੰਦਰ ਕੰਮ ਕਰ ਰਹੀ ਅੰਤਰਰਾਸ਼ਟਰੀ ਸੰਸਥਾ ਮੈਜਿਕ ਬੱਸ ਇੰਡੀਆ ਫਾਊਂਡੇਸ਼ਨ ਦੇ ਸਹਿਯੋਗ ਨਾਲ ਗਿਵ ਇੰਡੀਆ ਵੱਲੋਂ ਕਸਬਾ ਸਾਹਨੇਵਾਲ ਅੰਦਰ ਤਕਰੀਬਨ 100 ਲੋੜਵੰਦ ਪਰਿਵਾਰਾਂ ਨੂੰ ਨਗਰ ਕੌਂਸਲ ਦੇ ਪ੍ਰਧਾਨ ਕੈਪਟਨ ਸੁਖਜੀਤ ਸਿੰਘ ਵੱਲੋਂ ਸੁੱਕਾ ਰਾਸ਼ਣ ਵੰਡਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਮੈਜਿਕ ਬੱਸ ਦੇ ਪ੍ਰਰੋਗਰਾਮ ਅਫ਼ਸਰ ਵਰਿੰਦਰ ਸ਼ਰਮਾ ਤੋਂ ਇਲਾਵਾ ਮੈਜਿਕ ਬੱਸ ਲੁਧਿਆਣਾ ਦਾ ਸਟਾਫ਼ ਅਤੇ ਹੋਰ ਪਤਵੰਤੇ ਹਾਜ਼ਰ ਸਨ। ਇਸ ਦੌਰਾਨ ਡੀਸੀ ਨੇ ਦੱਸਿਆ ਕਿ ਸਾਡੀ ਟੀਮ ਵੱਲੋਂ ਪਹਿਲਾਂ ਲੋੜਵੰਦ ਲੋਕਾਂ ਦੇ ਘਰ-ਘਰ ਜਾ ਕੇ ਸਰਵੇ ਕੀਤਾ ਜਾਂਦਾ ਹੈ ਅਤੇ ਫਿਰ ਜਦੋਂ ਉਨ੍ਹਾਂ ਦਾ ਸੁੱਕਾ ਰਾਸ਼ਨ ਆਉਂਦਾ ਹੈ ਤਾਂ ਉਨ੍ਹਾਂ ਨੂੰ ਫੋਨ ਰਾਹੀਂ ਦੱਸ ਦਿੱਤਾ ਜਾਂਦਾ ਹੈ ਤਾਂ ਜੋ ਕੋਈ ਵੀ ਲੋੜਵੰਦ ਪਰਿਵਾਰ ਰਾਸ਼ਨ ਤੋਂ ਵਾਂਝਾ ਨਾ ਰਹਿ ਸਕੇ। ਉਨ੍ਹਾਂ ਦੱਸਿਆ ਕਿ ਸਾਡੀ ਮੈਜਿਕ ਬੱਸ ਇੰਡੀਆ ਫਾਊਂਡੇਸ਼ਨ ਨੂੰ ਹਰ ਵਕਤ ਸਾਹਨੇਵਾਲ ਨਗਰ ਕੌਂਸਲ ਦੇ ਪ੍ਰਧਾਨ ਕੈਪਟਨ ਸੁਖਜੀਤ ਸਿੰਘ ਅਤੇ ਇਨ੍ਹਾਂ ਦੀ ਸਮੂਹ ਟੀਮ ਸਹਿਯੋਗ ਦਿੰਦੀ ਰਹਿੰਦੀ ਹੈ ਅਤੇ ਇਨ੍ਹਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਸਾਨੂੰ ਹਮੇਸ਼ਾ ਸਹਿਯੋਗ ਦਿੰਦੇ ਰਹਿੰਦੇ ਹਨ। ਡੀਸੀ ਨੇ ਸੁੱਕੇ ਰਾਸ਼ਨ ਸਬੰਧੀ ਦੱਸਿਆ ਕਿ ਇਸ ਕਿੱਟ ਵਿਚ 10 ਕਿਲੋ ਆਟਾ, 2 ਕਿਲੋ ਚੌਲ, ਦਾਲਾਂ 3 ਕਿਲੋ, ਨਮਕ ਦਾ ਇਕ ਪੈਕਟ, ਖਾਣਾ ਬਣਾਉਣ ਲਈ ਵਰਤਣ ਵਾਲਾ ਤੇਲ ਦੋ ਲੀਟਰ ਇਸ ਤੋਂ ਇਲਾਵਾ ਹਲਦੀ ਦਾ ਪੈਕੇਟ, ਨਹਾਉਣ ਵਾਲਾ ਸਾਬਣ, ਕੱਪੜੇ ਧੋਣ ਵਾਲਾ ਸਾਬਣ ਆਦਿ ਘਰਾਂ ਵਿਚ ਵਰਤਣ ਵਾਲੀ ਹੋਰ ਵੀ ਕਈ ਤਰ੍ਹਾਂ ਦਾ ਸਾਮਾਨ ਲੋੜਵੰਦ ਪਰਿਵਾਰਾਂ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੈਜਿਕ ਬੱਸ ਭਾਰਤ ਦੇ ਹੋਰ ਸੂਬਿਆਂ ਅੰਦਰ ਵੀ ਵੱਖ-ਵੱਖ ਸੰਸਥਾਵਾਂ ਦਾ ਸਹਿਯੋਗ ਲੈ ਕੇ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਪ੍ਰਦਾਨ ਕਰਦੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਡੀ ਸਮੂਹ ਟੀਮ ਹਮੇਸ਼ਾ ਲੋਕਾਂ ਨੂੰ ਕੋਵਿਡ-19 ਤੋਂ ਬਚਾਅ ਸਬੰਧੀ ਵੀ ਜਾਣਕਾਰੀ ਦਿੰਦੀ ਰਹਿੰਦੀ ਹੈ ਅਤੇ ਸੁੱਕਾ ਰਾਸ਼ਨ ਵੰਡਣ ਮੌਕੇ ਸਰਕਾਰ ਵੱਲੋਂ ਕੋਵਿਡ-19 ਸਬੰਧੀ ਜੋ ਵੀ ਹਦਾਇਤਾਂ ਦਿੱਤੀ ਗਈਆਂ ਉਨ੍ਹਾਂ ਦੀ ਵੀ ਪੂਰਨ ਤੌਰ 'ਤੇ ਪਾਲਣ ਕਰਦੀ ਹੈ ਤਾਂ ਜੋ ਕਿ ਅਸੀਂ ਸਾਰੇ ਕੋਵਿਡ-19 ਮਹਾਮਾਰੀ ਸਬੰਧੀ ਪ੍ਰਸ਼ਾਸਨ ਵੱਲੋਂ ਛੇੜੀ ਗਈ ਜੰਗ ਵਿਚ ਜਿੱਤ ਹਾਸਲ ਕਰ ਸਕੀਏ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਵੱਖ-ਵੱਖ ਵਾਰਡਾਂ ਦੇ ਕੌਂਸਲਰ ਅਤੇ ਇਲਾਕੇ ਦੇ ਪਤਵੰਤੇ ਹਾਜ਼ਰ ਸਨ।