ਉਮੇਸ਼ ਜੈਨ, ਸ਼੍ਰੀ ਮਾਛੀਵਾੜਾ ਸਾਹਿਬ

ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਅਧੀਨ ਬਲਾਕ ਦੇ ਪਿੰਡ ਸ਼ਤਾਬਗੜ੍ਹ ਵਿਖੇ ਆਂਗਣਵਾੜੀ ਕੇਂਦਰ ਦੇ ਬੱਚਿਆਂ ਦੀ ਮਾਛੀਵਾੜਾ ਆਰਬੀਐੱਸਕੇ ਟੀਮ ਦੇ ਡਾਕਟਰਾਂ ਵੱਲੋਂ ਸਿਹਤ ਜਾਂਚ ਕੀਤੀ ਗਈ, ਜਿਸ 'ਚ ਪਾਇਆ ਗਿਆ ਕਿ ਤਿੰਨ ਸਾਲ ਦੇ ਵਿਦਿਆਰਥੀ ਜਸਪ੍ਰੀਤ ਸਿੰਘ ਪੁੱਤਰ ਕਰਮਜੀਤ ਸਿੰਘ 'ਚ ਜਮਾਂਦਰੂ ਦਿਲ ਦੀ ਬਿਮਾਰੀ ਸਬੰਧੀ ਲੱਛਣ ਪਾਏ ਗਏ। ਉਪਰੰਤ ਟੀਮ ਵਲੋਂ ਸਬੰਧਤ ਬੱਚੇ ਨੂੰ ਸਿਵਲ ਹਸਪਤਾਲ 'ਚ ਰੈਫਰ ਕੀਤਾ ਗਿਆ। ਬੱਚੇ ਦੇ ਵੱਖ-ਵੱਖ ਟੈਸਟ ਤੇ ਈਕੋਕਾਰਡਿਓਗ੍ਰਾਫੀ ਮੁਫ਼ਤ ਕੀਤੀ ਗਈ ਤੇ ਬੱਚੇ ਨੂੰ ਦਿਲ ਦੀ ਗੰਭੀਰ ਬਿਮਾਰੀ ਨੂੰ ਦੇਖਦੇ ਹੋਏ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਰੈਫਰ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਇਸ ਸਬੰਧੀ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਨਾਲ ਸਮਝੌਤਾ ਕੀਤਾ ਗਿਆ ਹੈ ਤਾਂ ਜੋ ਅਜਿਹੀਆਂ ਗੰਭੀਰ ਬਿਮਾਰੀਆਂ ਦਾ ਇਲਾਜ ਵਧੀਆ ਢੰਗ ਨਾਲ ਹੋ ਸਕੇ। ਇਸੇ ਤਹਿਤ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਬੱਚੇ ਦਾ ਮੁਫ਼ਤ ਦਿਲ ਦਾ ਆਪ੍ਰੇਸ਼ਨ ਕੀਤਾ ਗਿਆ, ਜਿਸ 'ਤੇ ਲਗਭਗ ਤਿੰਨ ਲੱਖ ਰੁਪਏ ਦਾ ਖ਼ਰਚ ਆ ਜਾਂਦਾ ਹੈ। ਬੱਚੇ ਦੇ ਆਪ੍ਰੇਸ਼ਨ ਹੋਣ ਤਕ ਤੇ ਬਾਅਦ ਵੀ ਸਿਹਤ ਬਲਾਕ ਮਾਛੀਵਾੜਾ ਦੀ ਆਰਬੀਐੱਸਕੇ ਟੀਮ ਵਲੋਂ ਬੱਚੇ ਦਾ ਪੂਰਾ ਫੋਲੋਅਪ ਕੀਤਾ ਗਿਆ। ਆਪ੍ਰੇਸ਼ਨ ਉਪਰੰਤ ਬੱਚੇ ਨੂੰ ਵਿਸ਼ੇਸ਼ ਤੌਰ 'ਤੇ ਸੀਐੱਚਸੀ ਮਾਛੀਵਾੜਾ ਵਿਖੇ ਬੁਲਾ ਕੇ ਸਨਮਾਨਤ ਕੀਤਾ ਗਿਆ।

ਇਸ ਮੌਕੇ ਐੱਸਐੱਮਓ ਡਾ. ਜਸਪ੍ਰੀਤ ਕੌਰ ਨੇ ਦੱਸਿਆ ਕਿ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਅਧੀਨ ਸਰਕਾਰੀ ਸਕੂਲ ਦੇ ਬੱਚਿਆਂ ਦੀ ਸਾਲ 'ਚ ਇਕ ਵਾਰੀ ਤੇ ਆਂਗਣਵਾੜੀ ਦੇ ਬੱਚਿਆਂ ਦੀ ਸਾਲ 'ਚ ਦੋ ਵਾਰੀ ਮੁਫ਼ਤ ਸਿਹਤ ਜਾਂਚ ਕੀਤੀ ਜਾਂਦੀ ਹੈ ਤੇ 30 ਗੰਭੀਰ ਬਿਮਾਰੀਆਂ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਡਾ. ਰਿਸ਼ਬ ਦੱਤ, ਡਾ. ਸਤਵਿੰਦਰ ਕੌਰ, ਡਾ. ਰਸ਼ਪਾਲ ਸਿੰਘ, ਡਾ. ਰਮਨਦੀਪ ਕੌਰ, ਗੁਰਇਕਬਾਲ ਸਿੰਘ ਤੇ ਬੱਚੇ ਦੇ ਮਾਤਾ-ਪਿਤਾ ਹਾਜ਼ਰ ਸਨ।