ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਗਾਣਿਆਂ ਨੂੰ ਪ੍ਰਮੋਟ ਕਰਨ ਦੇ ਨਾਮ 'ਤੇ ਲੁਧਿਆਣਾ ਦੇ ਇੱਕ ਫਾਈਨਾਂਸਰ ਨੇ ਮਹਿਲਾ ਸਿੰਗਰ ਨੂੰ ਦਫਤਰ ਬੁਲਾ ਕੇ ਉਸ ਦੀ ਆਬਰੂ ਲੁੱਟ ਲਈ । ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮਹਿਲਾ ਸਿੰਗਰ ਨੂੰ ਫਾਇਨਾਂਸਰ ਦੇ ਦਫਤਰ ਛੱਡਣ ਵਾਲਾ ਉਸ ਦਾ ਸਾਥੀ ਗਾਇਕ ਹੀ ਸੀ । ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਪੀੜਤ ਔਰਤ ਦੇ ਬਿਆਨਾਂ ਉੱਪਰ ਗਾਇਕ ਰਾਜੂ ਮਾਨ ਅਤੇ ਫਾਈਨਾਂਸਰ ਰੌਸ਼ਨ ਪਾਲਾ ਦੇ ਖਿਲਾਫ ਜਬਰ ਜਨਾਹ ਅਤੇ ਅਪਰਾਧਕ ਸਾਜਿਸ਼ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਰਾਜੂ ਮਾਨ ਨੂੰ ਗ੍ਰਿਫਤਾਰ ਕਰ ਲਿਆ ਹੈ ।

ਜਾਣਕਾਰੀ ਦਿੰਦਿਆਂ ਥਾਣਾ ਡਿਵੀਜ਼ਨ ਨੰਬਰ ਅੱਠ ਦੇ ਇੰਚਾਰਜ ਜਰਨੈਲ ਸਿੰਘ ਨੇ ਦੱਸਿਆ ਕੇ ਰਾਜੂ ਮਾਨ ਕਈ ਸਾਲਾਂ ਤੋਂ ਗਾਇਕੀ ਕਰ ਰਿਹਾ ਸੀ । ਉਸ ਦੇ ਸੰਪਰਕ ਵਿੱਚ ਨਵੀਂ ਮਹਿਲਾ ਸਿੰਗਰ ਆਈ । ਕੁਝ ਦਿਨ ਪਹਿਲਾਂ ਉਹ ਮਹਿਲਾ ਸਿੰਗਰ ਨੂੰ ਫਾਈਨਾਂਸਰ ਰੌਸ਼ਨ ਪਾਲਾ ਦੇ ਜਨਮ ਦਿਨ ਦੀ ਪਾਰਟੀ ਤੇ ਲੈ ਕੇ ਗਿਆ । ਪ੍ਰੋਗਰਾਮ ਤੋਂ ਕੁਝ ਦਿਨ ਬਾਅਦ ਮੁਲਜ਼ਮ ਰਾਜੂ ਮਾਨ ਮਹਿਲਾ ਸਿੰਗਰ ਨੂੰ ਇਹ ਕਹਿ ਕੇ ਘੁਮਾਰ ਮੰਡੀ ਸਥਿਤ ਰੌਸ਼ਨ ਪਾਲਾ ਦੇ ਦਫਤਰ ਛੱਡ ਆਇਆ ਕਿ ਫਾਈਨਾਂਸਰ ਰੌਸ਼ਨ ਪਾਲਾ ਉਸ ਦੇ ਗਾਣਿਆਂ ਦੀ ਪ੍ਰਮੋਸ਼ਨ ਕਰੇਗਾ। ਗੀਤਾਂ ਦੀ ਪ੍ਰਮੋਸ਼ਨ ਕਰਨ ਦੇ ਬਹਾਨੇ ਦਫਤਰ ਵਿੱਚ ਬੁਲਾਉਣ ਤੋਂ ਬਾਅਦ ਮੁਲਜ਼ਮ ਨੇ ਮਹਿਲਾ ਸਿੰਗਰ ਦੀ ਆਬਰੂ ਤਾਰ ਤਾਰ ਕਰ ਦਿੱਤੀ । ਥਾਣਾ ਡਿਵੀਜ਼ਨ ਨੰਬਰ ਅੱਠ ਦੇ ਮੁਖੀ ਜਰਨੈਲ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਤੁਰੰਤ ਐੱਫ ਆਈ ਆਰ ਦਰਜ ਕੀਤੀ ਅਤੇ ਸਿੰਗਰ ਰਾਜੂ ਮਾਨ ਨੂੰ ਗ੍ਰਿਫਤਾਰ ਕੀਤਾ । ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਮੁੱਖ ਦੋਸ਼ੀ ਰੌਸ਼ਨ ਪਾਲਾ ਦੀ ਤਲਾਸ਼ ਕੀਤੀ ਜਾ ਰਹੀ ਹੈ ।

Posted By: Jagjit Singh