Rape in Ludhiana : ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਜਨਮ ਦਿਨ ਦੀ ਪਾਰਟੀ ਬਹਾਨੇ ਔਰਤ ਨੂੰ ਹੋਟਲ ਕੀਜ਼ ਲਾਗੇ ਸੱਦ ਕੇ ਚਲਦੀ ਕਾਰ 'ਚ ਉਸ ਨਾਲ ਸਾਰੀ ਰਾਤ ਜਬਰ ਜਨਾਹ ਕੀਤਾ ਗਿਆ। ਇਕ ਵਿਅਕਤੀ ਕਾਰ ਚਲਾਉਂਦਾ ਰਿਹਾ ਤੇ ਨੌਜਵਾਨ ਪਿਛਲੀ ਸੀਟ 'ਤੇ ਔਰਤ ਦੀ ਆਬਰੂ ਲੁੱਟਦਾ ਰਿਹਾ। ਇਸ ਮਾਮਲੇ 'ਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਪੀੜਤ ਔਰਤ ਦੇ ਬਿਆਨਾਂ 'ਤੇ ਨਿਊ ਬੀਆਰਐਸ ਨਗਰ ਵਾਸੀ ਰੋਹਿਤ ਕੁਮਾਰ ਤੇ ਨਿਊ ਰਾਜਗੁਰੂ ਨਗਰ ਦੇ ਰਹਿਣ ਵਾਲੇ ਪ੍ਰਸ਼ਾਂਤ ਸ਼ੁਕਲਾ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਾਣਕਾਰੀ ਦਿੰਦਿਆਂ ਪੀੜਤ ਔਰਤ ਨੇ ਦੱਸਿਆ ਕੇ ਬੀਤੀ ਸ਼ਾਮ ਉਸ ਦੇ ਵਾਕਫ਼ ਪ੍ਰਸ਼ਾਂਤ ਸ਼ੁਕਲਾ ਨੇ ਜਨਮ ਦਿਨ ਦੀ ਪਾਰਟੀ 'ਤੇ ਹੋਟਲ ਕੀਜ਼ ਲਾਗੇ ਸ਼ਰਾਬ ਦੇ ਅਹਾਤੇ ਦੇ ਬਾਹਰ ਬੁਲਾਇਆ। ਔਰਤ ਜਿਸ ਰਾਹੀਂ ਅਹਾਤੇ ਦੇ ਬਾਹਰ ਪਹੁੰਚੀ, ਉਸ ਨੇ ਦੇਖਿਆ ਕਿ ਪ੍ਰਸ਼ਾਂਤ ਤੇ ਉਸ ਦਾ ਦੋਸਤ ਰੋਹਿਤ ਅਹਾਤੇ ਦੇ ਅੰਦਰ ਸ਼ਰਾਬ ਪੀ ਰਹੇ ਸਨ। ਰਾਤ ਕਰੀਬ ਸਾਢੇ ਗਿਆਰਾਂ ਵਜੇ ਪ੍ਰਸ਼ਾਂਤ ਸ਼ੁਕਲਾ ਨੇ ਜ਼ਬਰਦਸਤੀ ਔਰਤ ਨੂੰ ਕਾਰ ਦੇ ਅੰਦਰ ਬਿਠਾਇਆ ਤੇ ਰੋਹਿਤ ਕਾਰ ਚਲਾਉਣ ਲੱਗ ਪਿਆ। ਮੁਲਜ਼ਮ ਪ੍ਰਸ਼ਾਂਤ ਸ਼ੁਕਲਾ ਨੇ ਚਲਦੀ ਕਾਰ 'ਚ ਸਾਰੀ ਰਾਤ ਔਰਤ ਨਾਲ ਜਬਰ ਜਨਾਹ ਕੀਤਾ। ਤੜਕੇ ਤਿੰਨ ਵਜੇ ਦੇ ਕਰੀਬ ਮੁਲਜ਼ਮਾਂ ਨੇ ਔਰਤ ਨੂੰ ਅਹਾਤੇ ਦੇ ਬਾਹਰ ੳੁਤਾਰ ਦਿੱਤਾ ਤੇ ਖ਼ੁਦ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ 'ਚ ਥਾਣਾ ਸਰਾਭਾ ਨਗਰ ਦੀ ਇੰਚਾਰਜ ਵੀ ਮਧੂਬਾਲਾ ਦਾ ਕਹਿਣਾ ਹੈ ਕਿ ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Posted By: Seema Anand