ਪੱਤਰ ਪ੍ਰਰੇਰਕ, ਖੰਨਾ : ਸ਼ਹਿਰ ਦੇ ਪੁਰਾਣੇ ਬੱਸ ਅੱਡੇ ਨੇੜੇ ਰੇਤ ਨਾਲ ਭਰੇ ਟਿੱਪਰ ਵੱਲੋਂ ਕਾਰ ਨੂੰ ਟੱਕਰ ਮਾਰਨ ਤੋਂ ਬਾਅਦ ਦੋਵੇਂ ਧਿਰਾਂ ਨੇ ਪੁਲਿਸ ਸਾਹਮਣੇ ਹੀ ਗੁੰਡਾਗਰਦੀ ਦਿਖਾਈ। ਕਾਰ ਚਲਾ ਰਹੇ ਨੌਜਵਾਨ ਨੇ ਪਹਿਲਾਂ ਇੱਟ ਮਾਰ ਕੇ ਟਿੱਪਰ ਦਾ ਸ਼ੀਸ਼ਾ ਤੋੜ ਦਿੱਤਾ, ਫਿਰ ਰੇਤ ਕਾਰੋਬਾਰੀਆਂ ਨੇ ਆ ਕੇ ਪੁਲਿਸ ਦੇ ਸਾਹਮਣੇ ਹੀ ਨੌਜਵਾਨ 'ਤੇ ਹਮਲਾ ਕੀਤਾ। ਬਚਾਅ ਕਰ ਰਹੇ ਏਐੱਸਆਈ ਦੀ ਪਰਵਾਹ ਵੀ ਰੇਤ ਕਾਰੋਬਾਰੀਆਂ ਨੇ ਨਹੀਂ ਕੀਤੀ। ਇੱਥੋਂ ਤਕ ਕਿ ਪੁਲਿਸ ਮੁਲਾਜ਼ਮ ਨੂੰ ਧੱਕੇ ਵੀ ਮਾਰ ਦਿੱਤੇ ਗਏ। ਜਾਣਕਾਰੀ ਅਨੁਸਾਰ ਖੰਨਾ ਤੋਂ ਮੰਡੀ ਗੋਬਿੰਦਗੜ੍ਹ ਵੱਲ ਜਾ ਰਹੇ ਰੇਤ ਨਾਲ ਭਰੇ ਟਿੱਪਰ ਨੇ ਇੱਕ ਕਾਰ ਨੂੰ ਟੱਕਰ ਮਾਰ ਦਿੰਤੀ, ਜਿਸ ਤੋਂ ਬਾਅਦ ਕਾਰ ਚਲਾ ਰਿਹਾ ਜਵਾਨ ਹੇਠਾਂ ਉਤਰਿਆ ਤੇ ਟਿੱਪਰ ਚਾਲਕ ਨਾਲ ਉਸਦੀ ਬਹਿਸ ਹੋ ਗਈ। ਉਦੋਂ ਏਐੱਸਆਈ ਸਤਵੰਤ ਸਿੰਘ ਮੌਕੇ 'ਤੇ ਆਏ। ਇਸ ਦੌਰਾਨ ਬਹਿਸਬਾਜ਼ੀ ਵਧਣ 'ਤੇ ਨੌਜਵਾਨ ਨੇ ਇੱਟ ਨਾਲ ਟਿੱਪਰ ਦਾ ਅਗਲਾ ਸ਼ੀਸ਼ਾ ਤੋੜ ਦਿੱਤਾ। ਟਿੱਪਰ ਚਾਲਕ ਨੇ ਆਪਣੇ ਮਾਲਕਾਂ ਨੂੰ ਬੁਲਾ ਲਿਆ। ਰੇਤ ਕਾਰੋਬਾਰੀ ਜਿਵੇਂ ਹੀ ਉੱਥੇ ਪਹੁੰਚੇ ਤਾਂ ਟੁੱਟਿਆ ਸ਼ੀਸ਼ਾ ਦੇਖ ਭੜਕ ਉੱਠੇ। ਉਨ੍ਹਾਂ ਨੇ ਵੀ ਪੁਲਿਸ ਦੀ ਪਰਵਾਹ ਨਾ ਕਰਦੇ ਹੋਏ ਸੜਕ ਵਿਚਕਾਰ ਹੰਗਾਮਾ ਖੜ੍ਹਾ ਕਰ ਦਿੱਤਾ। ਉਹ ਨੌਜਵਾਨ ਨੂੰ ਗਾਲਾਂ ਕੱਢਦੇ ਹੋਏ ਉਸ ਨਾਲ ਖਿੱਚ ਤੂਹ ਕਰਨ ਲੱਗੇ। ਏਐੱਸਆਈ ਸਤਵੰਤ ਸਿੰਘ ਨੇ ਬਚਾਅ ਕੀਤਾ ਪਰ ਦੋਵੇਂ ਧਿਰਾਂ 'ਚੋਂ ਕੋਈ ਵੀ ਨਾ ਟਲਿਆ। ਇਸ ਦੌਰਾਨ ਏਐੱਸਆਈ ਤਕ ਨੂੰ ਧੱਕੇ ਮਾਰੇ ਗਏ। ਹਾਲਤ ਤਣਾਅ ਭਰਆ ਹੁੰਦਾ ਦੇਖ ਏਐੱਸਆਈ ਨੇ ਥਾਣੇ 'ਚ ਫੋਨ ਕਰਕੇ ਫੋਰਸ ਬੁਲਾਈ। ਮੁਨਸ਼ੀ ਬਲਜੀਤ ਸਿੰਘ ਤੁਰੰਤ ਉੱਥੇ ਪਹੁੰਚੇ ਤੇ ਦੋਵੇਂ ਧਿਰਾਂ ਨੂੰ ਥਾਣੇ 'ਚ ਲੈ ਕੇ ਗਏ। ਬਾਅਦ 'ਚ ਦੋਵਾਂ ਨੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਾ ਕਰਵਾਉਂਦੇ ਹੋਏ ਮਾਮਲਾ ਸ਼ਾਂਤ ਕਰ ਦਿੱਤਾ।