ਪੀਟੀਆਈ/ਪਲਵਿੰਦਰ ਸਿੰਘ ਢੁੱਡੀਕੇ, ਨਵੀਂ ਦਿੱਲੀ/ਲੁਧਿਆਣਾ : ਸ਼ਨਿਚਰਵਾਰ ਨੂੰ ਦਿੱਲੀ ਤੇ ਆਸ-ਪਾਸ ਹੋਈ ਬਾਰਿਸ਼ ਕਾਰਨ ਵੱਧ ਤੋਂ ਵੱਧ ਤਾਪਮਾਨ ਘੱਟ ਕੇ 14.7 ਡਿਗਰੀ ਸੈਲਸੀਅਸ ਤਕ ਪੁੱਜ ਗਿਆ ਜੋ ਕਿ ਸਧਾਰਨ ਨਾਲੋਂ ਸੱਤ ਦਰਜੇ ਘੱਟ ਸੀ। ਇਹ ਤਾਪਮਾਨ ਇਸ ਸਾਲ ਸਰਦ ਰੁੱਤ ਦਾ ਦਿੱਲੀ ਦਾ ਸਭ ਤੋਂ ਘੱਟ ਦਿਨ ਦਾ ਔਸਤ ਤਾਪਮਾਨ ਵੀ ਰਿਹਾ। ਭਾਰਤੀ ਮੌਸਮ ਵਿਭਾਗ ਅਨੁਸਾਰ ਸ਼ਹਿਰ ’ਚ 22 ਜਨਵਰੀ ਤਕ 69 ਮਿਲੀਮੀਟਰ ਬਾਰਿਸ਼ ਵੀ ਦਰਜ ਕੀਤੀ ਗਈ ਜੋ ਕਿ 1995 ਤੋਂ ਬਾਅਦ ਸਰਦ ਰੁੱਤ ਦੀ ਸਭ ਤੋਂ ਜ਼ਿਆਦਾ ਬਾਰਿਸ਼ ਸੀ। 1995 ’ਚ ਦਿੱਲੀ ’ਚ ਸਰਦ ਰੁੱਤ ਦਰਮਿਆਨ ਅੱਜ ਦੇ ਦਿਨ ਤਕ 69.8 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਸੀ। ਸ਼ਹਿਰ ਦੇ ਸਫਦਰਜੰਗ ਇਲਾਕੇ ’ਚ 5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਜਦਕਿ ਤਾਪਮਾਨ 11.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਿੱਲੀ ਤੇ ਆਸ-ਪਾਸ ਦੇ ਇਲਾਕਿਆਂ ’ਚ ਐਤਵਾਰ ਨੂੰ ਵੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਦਿੱਲੀ ’ਚ ਸ਼ਨਿਚਰਵਾਰ ਨੂੰ ਹਵਾ ਦੀ ਗੁਣਵਤਾ ਬਹੁਤ ਖ਼ਰਾਬ ਦਰਜ ਕੀਤੀ ਗਈ। ਏਅਰ ਕੁਆਲਿਟੀ ਇੰਡੈਕਸ ਸ਼ਾਮ ਚਾਰ ਵਜੇ 316 ਦਰਜ ਕੀਤਾ ਗਿਆ। ਫਰੀਦਾਬਾਦ ’ਚ ਹਵਾ ਦੀ ਗੁਣਵਤਾ 330, ਗੁੜਗਾਓਂ ’ਚ 304 ਦਰਜ ਕੀਤਾ ਗਿਆ।

ਪੰਜਾਬ ’ਚ ਭਲਕੇ ਬਾਰਿਸ਼ ਦੀ ਸੰਭਾਵਨਾ

ਉਧਰ, ਪੰਜਾਬ ਦੇ ਕਈ ਇਲਾਕਿਆਂ ’ਚ ਸ਼ਨਿਚਰਵਾਰ ਨੂੰ ਦਿਨ ਭਰ ਬਾਰਿਸ਼ ਹੁੰਦੀ ਰਹੀ ਜਿਸ ਨਾਲ ਠੰਢ ਦਾ ਜ਼ੋਰ ਬਰਕਾਰ ਰਿਹਾ। ਜਲੰਧਰ, ਰੋਪੜ, ਪਠਾਨਕੋਟ ਤੇ ਮੋਗੇ ’ਚ ਦਿਨ ਭਰ ਰੁਕ-ਰੁਕ ਕੇ ਬਾਰਿਸ਼ ਹੁੰਦੀ ਰਹੀ। ਗੁਰਦਾਸਪੁਰ ’ਚ ਤੇਜ਼ ਬਾਰਿਸ਼ ਹੋਈ। ਪਟਿਆਲੇ ’ਚ ਛੇ ਮਿਲੀਮੀਟਰ, ਅੰਮ੍ਰਿਤਸਰ ’ਚ 6.6 ਮਿਲੀਮੀਟਰ ਤੇ ਲੁਧਿਆਣੇ ’ਚ 5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ.ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਸ਼ਾਮ ਪੰਜ ਵਜੇ ਤਕ ਲੁਧਿਆਣੇ ’ਚ 5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਜਦ ਕਿ ਤਾਪਮਾਨ ਵੱਧ ਤੋਂ ਵੱਧ 14.4 ਅਤੇ ਘੱਟ ਤੋਂ ਘੱਟ 9.6 ਡਿਗਰੀ ਸੈਲਸੀਅਸ ਰਿਹਾ। ਸਵੇਰ ਦੀ ਨਮੀ 93 ਅਤੇ ਸ਼ਾਮ ਦੀ ਨਮੀ 86 ਫ਼ੀਸਦੀ ਰਹੀ। ਉਨ੍ਹਾਂ ਦੱਸਿਆ ਕਿ ਇਸ ਮਹੀਨੇ ਹੁਣ ਤਕ 105.2 ਮਿਲੀ ਮੀਟਰ ਬਾਰਿਸ਼ ਦਰਜ ਹੋ ਚੁੱਕੀ ਹੈ। ਬੇਸ਼ੱਕ ਅੱਜ ਗੜੇ ਨਹੀਂ ਪਏ ਪਰ ਐਤਵਾਰ ਨੂੰ ਬਾਰਿਸ਼ ਦੇ ਨਾਲ-ਨਾਲ ਕਿਤੇ-ਕਿਤੇ ਗੜੇ ਵੀ ਪੈ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਭਾਰੀ ਬਾਰਿਸ਼ ਦੀ ਸੰਭਾਵਨਾ ਦੇ ਮੱਦੇਨਜ਼ਰ ਖੇਤਾਂ ’ਚ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਰੱਖਣ।

ਪਿਛਲੇ ਅੰਕੜੇ ਦੱਸਦੇ ਹਨ ਕਿ ਪਿਛਲੇ ਸਾਲਾਂ ’ਚ ਸਿਰਫ਼ 2016 ਵਿਚ ਦੇਖਿਆ ਗਿਆ ਸੀ ਕਿ 13 ਜਨਵਰੀ ਤੋਂ 20 ਜਨਵਰੀ ਤਕ 0 ਸੂਰਜੀ ਘੰਟੇ ਰਹੇ ਅਤੇ ਇਸ ਵਾਰ ਵੀ 13 ਜਨਵਰੀ ਤੋਂ ਲੈ ਕੇ 20 ਜਨਵਰੀ ਤਕ 0 ਸੂਰਜੀ ਘੰਟੇ ਰਿਕਾਰਡ ਕੀਤੇ ਗਏ ਹਨ। ਦੱਸਣਾ ਬਣਦਾ ਹੈ ਕਿ ਪੰਜਾਬ ’ਚ ਪਿਛਲੇ ਸਮੇਂ ਹੋਈ ਬਾਰਿਸ਼ ਨੇ ਫ਼ਸਲਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਸੀ। ਇਸ ਲਈ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ। ਜ਼ਿਕਰਯੋਗ ਹੈ ਕਿ ਬੇਸ਼ੱਕ ਦੋ ਹਫ਼ਤੇ ਪਿੱਛਿੋਂ ਸ਼ੁੱਕਰਵਾਰ ਨੂੰ ਕੁਝ ਸਮੇਂ ਲਈ ਸੂਰਜ ਦੇਵਤਾ ਦੇ ਦਰਸ਼ਨ ਹੋਏ ਅਤੇ ਲੋਕਾਂ ਨੇ ਰਾਹਤ ਵੀ ਮਹਿਸੂਸ ਕੀਤੀ ਪਰ ਨਾਲੋ-ਨਾਲੋ ਠੰਢ ਦਾ ਕਹਿਰ ਵੀ ਘਟਿਆ ਨਹੀਂ ਅਤੇ ਆਸਮਾਨ ਤੇ ਬੱਦਲ ਛਾਏ ਰਹੇ। ਮੌਸਮ ਵਿਭਾਗ ਅਨੁਸਾਰ ਗੜਬੜ ਵਾਲੀਆਂ ਪੱਛਮੀ ਪੌਣਾਂ ਦੇ ਸਰਗਰਮ ਹੋਣ ਕਾਰਨ ਬਾਰਿਸ਼ ਹੋ ਰਹੀ ਹੈ। ਮੌਸਮ ਦਾ ਮਿਜ਼ਾਜ ਐਤਵਾਰ ਨੂੰ ਵੀ ਅਜਿਹੀ ਹੀ ਰਹੇਗੀ।

ਕਿੱਥੇ ਕਿੰਨਾ ਤਾਪਮਾਨ ਦਰਜ ਕੀਤਾ ਗਿਆ

ਜ਼ਿਲ੍ਹਾ---ਘੱਟੋ ਘੱਟ ਤਾਪਮਾਨ---ਵੱਧ ਤੋਂ ਵੱਧ ਤਾਪਮਾਨ

ਰੋਪੜ---8---13

ਨਵਾਂਸ਼ਹਿਰ---8---16

ਸੰਗਰੂਰ---8---14

ਅੰਮ੍ਰਿਤਸਰ---8.2---13.4

ਹੁਸ਼ਿਆਰਪੁਰ---9.1---12

ਪਟਿਆਲਾ---9.1---14.3

ਲੁਧਿਆਣਾ---9.6---14.4

ਫ਼ਰੀਦਕੋਟ---10---14

ਮੋਗਾ---11---13

ਗੁਰਦਾਸਪੁਰ---11---13

ਪਠਾਨਕੋਟ---11.1---16.8

Posted By: Jagjit Singh