ਪੱਤਰ ਪੇ੍ਰਕ, ਖੰਨਾ : ਵੀਰਵਾਰ ਦੀ ਰਾਤ ਨੂੰ ਹਨੇਰੀ ਤੇ ਤੂਫਾਨ ਦੇ ਨਾਲ ਪਏ ਮੀਂਹ ਨੇ ਆਪਣੇ ਪਿੱਛੇ ਤਬਾਹੀ ਤੇ ਮਾਲੀ ਨੁਕਸਾਨ ਦੇ ਨਿਸ਼ਾਨ ਛੱਡ ਦਿੱਤੇ। ਇਸਦਾ ਪਤਾ ਸ਼ੁੱਕਰਵਾਰ ਦੀ ਸਵੇਰੇ ਲੱਗਿਆ। ਇਲਾਕੇ ਦੀਆਂ ਇੰਡਸਟਰੀਅਲ ਇਮਾਰਤਾਂ ਨੂੰ ਸਭ ਤੋਂ ਵੱਧ ਨੁਕਸਾਨ ਇਸ ਹਨੇਰੀ ਤੇ ਤੂਫਾਨ ਨਾਲ ਹੋਇਆ ਹੈ। ਇਲਾਕੇ ਦੀਆਂ ਕਈ ਫੈਕਟਰੀਆਂ ਦੇ ਸ਼ੈਡ ਜਾਂ ਤਾਂ ਉੱਡ ਗਏ ਜਾਂ ਫਿਰ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ। ਇਸਦੇ ਨਾਲ ਹੀ ਇਮਾਰਤਾਂ ਦੀਆਂ ਦੀਵਾਰਾਂ ਵੀ ਡਿੱਗ ਗਈਆਂ। ਸੜਕ ਕੰਡੇ ਕਈ ਦਰਖਤਾਂ ਨੂੰ ਵੀ ਇਸ ਨਾਲ ਕਾਫ਼ੀ ਨੁਕਸਾਨ ਹੋਇਆ। ਤੇਜ਼ ਹਨੇਰੀ ਤੇ ਤੂਫ਼ਾਨ ਨਾਲ ਬਦੀਨਪੁਰ ਸਥਿਤ ਨਾਗਪਾਲ ਫੂਡਜ਼ 'ਚ ਕਾਫ਼ੀ ਨੁਕਸਾਨ ਹੋਇਆ ਹੈ। ਮਾਲਕ ਮਨਪ੍ਰਰੀਤ ਨਾਗਪਾਲ ਦੇ ਅਨੁਸਾਰ ਹਨ੍ਹੇਰੀ ਨੇ ਸ਼ੈੱਡ ਨੂੰ ਐਂਗਲਾਂ ਸਮੇਤ ਉਖਾੜ ਕੇ ਦੂਰ ਸੁੱਟ ਦਿੱਤਾ। ਸੈਂਕੜੇ ਸੀਮੈਂਟ ਦੀਆਂ ਚਾਦਰਾਂ ਟੁੱਟ ਗਈਆਂ। ਫੈਕਟਰੀ 'ਚ ਲੱਗੇ ਬੁਆਇਲਰ ਦਾ ਵੀ ਕਾਫ਼ੀ ਨੁਕਸਾਨ ਹੋਇਆ ਤੇ ਉਸਦੇ ਪੁਰਜ਼ੇ ਵੀ ਦੂਰ ਤਕ ਡਿੱਗੇ। ਉਨ੍ਹਾਂ ਦੱਸਿਆ ਕਿ ਕਰੀਬ 5 ਲੱਖ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਗਿਆ ਹੈ।

ਸਮਰਾਲਾ ਰੋਡ ਸਥਿਤ ਸਤਿਅਮ ਰੋਲਪ ਫਲੋਰ ਮਿੱਲ ਤੇ ਸਲੌਦੀ ਸਥਿਤ ਸਤਿਅਮ ਐਗਰੋ ਐਂਡ ਅਲਾਈਡ ਇੰਡਸਟਰੀ 'ਚ ਵੀ ਸ਼ੈੱਡ ਹਨ੍ਹੇਰੀ 'ਚ ਉੱਡ ਗਿਆ ਤੇ ਕੰਧ ਵੀ ਡਿੱਗ ਗਈ। ਇਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਹਨੇਰੀ ਤੇ ਝੱਖੜ ਕਾਰਨ ਇਲਾਕੇ 'ਚ ਕਈ ਇਮਾਰਤਾਂ ਦਾ ਭਾਰੀ ਨੁਕਸਾਨ ਹੋਇਆ ਹੈ। ਲਿੰਕ ਸੜਕਾਂ ਤੇ ਹਾਈਵੇ 'ਤੇ ਕਈ ਦਰਖਤ ਵੀ ਇਸਦੀ ਲਪੇਟ 'ਚ ਆ ਕੇ ਜੜ੍ਹੋਂ ਹੀ ਉੱਖੜ ਗਏ।

ਵੀਰਵਾਰ ਰਾਤ ਆਏ ਭਾਰੀ ਝੱਖੜ-ਹਨ੍ਹੇਰੀ ਤੇ ਮੀਂਹ ਕਾਰਨ ਰਾਧਾ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਤੇ ਆਰਵੀ ਮਾਡਲ ਸਕੂਲ ਦੀ ਇਮਾਰਤ ਦਾ ਭਾਰੀ ਨੁਕਸਾਨ ਹੋਇਆ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਕੁਦਰਤੀ ਆਫ਼ਤ ਕਾਰਨ ਸਕੂਲ ਦੀ ਇਮਾਰਤ 'ਤੇ ਬਣੇ ਕਮਰਿਆਂ ਦੇ ਸ਼ੀਸ਼ੇ ਤੇ ਜੰਗਲੇ ਟੁੱਟ ਗਏ ਤੇ ਸਕੂਲ ਦੇ ਮੁੱਖ ਗੇਟ ਦਾ ਵੀ ਕਾਫ਼ੀ ਨੁਕਸਾਨ ਹੋਇਆ। ਉਨ੍ਹਾਂ ਦੱਸਿਆ ਕਿ ਖੇਡ ਮੈਦਾਨ ਦੀਆਂ ਜੰਗਲੇ ਸਮੇਤ ਕੰਧਾਂ, ਕ੍ਰਿਕਟ ਖੇਡ ਮੈਦਾਨ 'ਚ ਲੱਗੇ ਪੋਲ ਜੜ੍ਹੋਂ ਉਖੜ ਗਏ, ਨੈੱਟ ਤੇ ਸਕੋਰ ਬੋਰਡ ਵੀ ਸਾਰਾ ਟੁੱਟ ਗਿਆ। ਇਸ ਦੇ ਨਾਲ ਹੀ ਭਾਰੀ ਹਨ੍ਹੇਰੀ ਕਾਰਨ ਆਡੀਟੋਰੀਅਮ ਹਾਲ ਦੇ ਪਏ ਸ਼ੈੱਡ ਨੂੰ ਵੀ ਕਾਫੀ ਨੁਕਸਾਨ ਹੋਇਆ ਤੇ ਚੌਵੀ-ਪੱਚੀ ਚਾਦਰਾਂ ਵੀ ਟੁੱਟ ਗਈਆਂ। ਸਕੂਲ 'ਚ ਲੱਗੇ ਹਰੇ-ਭਰੇ ਰੁੱਖ-ਪੌਦਿਆਂ ਨੂੰ ਵੀ ਕਾਫੀ ਨੁਕਸਾਨ ਪੁੱਜਾ ਹੈ। ਇਸ ਦੇ ਨਾਲ ਹੀ ਸਰਕਾਰੀ ਪ੍ਰਰਾਇਮਰੀ ਸਕੂਲ ਭੱਟੀਆਂ ਦੀ ਚਾਰਦਿਵਾਰੀ ਡਿੱਗ ਗਈ। ਸਕੂਲ ਮੁਖੀ ਭੁਪਿੰਦਰ ਕੌਰ ਨੇ ਦੱਸਿਆ ਕਿ ਇਸ ਹਨੇਰੀ ਨਾਲ ਸਕੂਲ ਦਾ ਦੋ ਲੱਖ ਦੇ ਕਰੀਬ ਨੁਕਸਾਨ ਹੋ ਗਿਆ ਹੈ। ਉਨ੍ਹਾਂ ਸਰਕਾਰ ਵੱਲੋਂ ਸਕੂਲ ਨੂੰ ਆਰਥਿਕ ਸਹਾਇਤ ਦੇਣ ਦੀ ਅਪੀਲ ਕੀਤੀ।