ਸਟਾਫ ਰਿਪੋਰਟਰ, ਜਗਰਾਓਂ : ਧੰਨ-ਧੰਨ ਬਾਬਾ ਨੰਦ ਸਿੰਘ ਦੇ 151ਵੇਂ ਜਨਮ ਦਿਹਾੜੇ ਦੀ ਖੁਸ਼ੀ ਵਿਚ ਬਾਬਾ ਜੀ ਦੇ ਜਨਮ ਅਸਥਾਨ ਪਿੰਡ ਸ਼ੇਰਪੁਰ ਕਲਾਂ 'ਚ ਚੱਲ ਰਹੇ 11 ਰੋਜਾ ਧਾਰਮਿਕ ਸਮਾਗਮਾਂ ਦੇ ਅੱਜ ਪੰਜਵੇਂ ਦਿਨ ਕੀਰਤਨ ਰਾਹੀਂ ਨਾਮ-ਸਿਮਰਨ ਦੀ ਵਰਖਾ ਹੋਈ। ਸਰਪ੍ਰਸਤ ਬਾਬਾ ਚਰਨਜੀਤ ਸਿੰਘ ਜੀ ਦੀ ਸਰਪ੍ਰਸਤੀ ਹੇਠ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੇ ਧਾਰਮਿਕ ਸਮਾਗਮਾਂ ਦੌਰਾਨ ਅੱਜ ਕੀਰਤਨੀ ਜੱਥਿਆਂ ਨੇ ਗੁਰੂ ਜਸ ਗਾਉਂਦਿਆਂ ਸੰਗਤ ਨੂੰ ਨਿਹਾਲ ਕੀਤਾ।

ਇਸ ਮੌਕੇ ਬਾਬਾ ਚਰਨ ਸਿੰਘ ਜੀ ਨੇ ਕਿਹਾ ਕਿ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ ਨਾਮ-ਸਿਮਰਨ ਦੇ ਰਸੀਏ ਤੇ ਭਗਤੀ ਦਾ ਮੁਜੱਸਮਾ ਸਨ, ਜਿਨਾਂ੍ਹ ਨੇ ਸਮੁੱਚਾ ਜੀਵਨ ਸ਼੍ਰੀ ਗੁਰੂ ਗੰ੍ਥ ਸਾਹਿਬ ਜੀ ਦੇ ਲੜ ਲਾਉਂਦਿਆਂ ਬਾਣੀ ਦਾ ਗੁਣਗਾਨ ਕੀਤਾ। ਬਾਬਾ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਭਗਤੀ ਕਰਦਿਆਂ ਜੰਗਲ ਵਿਚ ਮੰਗਲ ਕੀਤਾ। ਉਨਾਂ੍ਹ ਕਿਹਾ ਕਿ ਬਾਬਾ ਨੰਦ ਸਿੰਘ ਜੀ ਨੇ ਸਿੱਖ ਕੌਮ ਨੂੰ ਹੀ ਨਹੀਂ ਪੂਰੀ ਮਾਨਵਤਾ ਨੂੰ ਸਾਂਝੀਵਾਲਤਾ ਦਾ ਸੁਨੇਹਾ ਦਿੰਦਿਆਂ ਮਨੁੱਖਤਾ ਦੀ ਸੇਵਾ, ਧਰਮ ਦੇ ਮਾਰਗ 'ਤੇ ਪਹਿਰਾ ਅਤੇ ਹਰ ਇੱਕ ਨੂੰ ਆਪਣੇ ਧਰਮ 'ਚ ਪਰਪਕ ਰਹਿਣ ਦਾ ਸੁਨੇਹਾ ਦਿੱਤਾ। ਇਸ ਮੌਕੇ ਸਰਬਜੀਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ਼ ਸ਼੍ਰੀ ਗੁਰੂ ਗੰ੍ਥ ਸਾਹਿਬ ਅਤੇ ਸ਼੍ਰੀ ਜਪੁਜੀ ਸਾਹਿਬ ਜੀ ਦੀ ਦੂਜੀ ਲੜੀ ਦੇ ਪਾਠਾਂ ਦੇ ਭੋਗ ਅੱਜ 23 ਅਕਤੂਬਰ ਸ਼ਨੀਵਾਰ ਸਵੇਰੇ 10 ਵਜੇ ਪਾਏ ਜਾਣਗੇ। ਇਸ ਦੇ ਨਾਲ ਹੀ ਤੀਜੀ ਲੜੀ ਦੇ ਪਾਠ ਆਰੰਭ ਹੋਣਗੇ।