ਸੰਜੀਵ ਗੁਪਤਾ, ਜਗਰਾਓਂ

ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਵਿਖੇ ਪੁੰਨਿਆ ਦੇ ਪਵਿੱਤਰ ਦਿਹਾੜੇ 'ਤੇ ਰਾਤ ਭਰ ਨਾਮ, ਸਿਮਰਨ ਦੀ ਵਰਖਾ ਹੋਈ। ਸਮਾਗਮ ਵਿਚ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ਨਤਮਸਤਕ ਹੁੰਦਿਆਂ ਹਾਜ਼ਰੀ ਭਰੀ। ਰਾਤ ਭਰ ਚੱਲੇ ਰੈਣ ਸੁਬਾਈ ਕੀਰਤਨ ਦਰਬਾਰ ਵਿਚ ਪੰਥ ਦੇ ਪ੍ਰਸਿੱਧ ਕੀਰਤਨੀ ਜੱਥਿਆਂ ਨੇ ਗੁਰੂ ਮਹਿਮਾ ਦਾ ਗੁਣਗਾਨ ਕੀਤਾ। ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ਼ ਸ਼੍ਰੀ ਗੁਰੂ ਗੰ੍ਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਜਿਨਾਂ੍ਹ ਦੀ ਅਰਦਾਸ ਸੰਪਰਦਾਇ ਦੇ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਕੀਤੀ।

ਇਸ ਦੌਰਾਨ ਪ੍ਰਵਚਨ ਕਰਦਿਆਂ ਸੰਤ ਬਾਬਾ ਘਾਲਾ ਸਿੰਘ ਨੇ ਕਿਹਾ ਕਿ ਨਿੱਤ-ਨੇਮ ਮਨੁੱਖ ਨੂੰ ਪ੍ਰਮਾਤਮਾ ਨਾਲ ਜੋੜਦਾ ਹੈ ਅਤੇ ਉਸ ਨੂੰ ਕਦੇ ਕਿਸੇ ਚੀਜ਼ ਦੀ ਜਿੱਥੇ ਘਾਟ ਨਹੀਂ ਰਹਿੰਦੀ, ਉਥੇ ਗੁਰੂ ਸਾਹਿਬ ਉਸ ਦੇ ਕਾਜ ਆਪ ਸੰਵਾਰਦੇ ਹਨ। ਸੰਤ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਕਿਹਾ ਕਿ ਅੱਜ ਸਾਨੂੰ ਧਰਮ ਦੇ ਮਾਰਗ 'ਤੇ ਪਹਿਰਾ ਦਿੰਦਿਆਂ ਗੁਰੂ ਸਾਹਿਬਾਂ ਵੱਲੋਂ ਦਿਖਾਏ ਮਾਰਗ 'ਤੇ ਪਹਿਰਾ ਦੇਣ ਦੀ ਲੋੜ ਹੈ। ਉਨਾਂ੍ਹ ਸੰਗਤਾਂ ਨੂੰ ਨਿੱਤ, ਨੇਮ ਅਤੇ ਖੰਡੇ ਬਾਟੇ ਦਾ ਅੰਮਿ੍ਤ ਛਕਣ ਦੀ ਅਪੀਲ ਕੀਤੀ। ਇਸ ਮੌਕੇ ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ ਕਲੇਰਾਂ, ਸੰਤ ਬਾਬਾ ਸੁਖਦੇਵ ਸਿੰਘ ਭੂਚੋ, ਬਾਬਾ ਮੇਹਰ ਸਿੰਘ ਨਾਨਕਸਰ, ਬਾਬਾ ਸਰਦਾਰਾ ਸਿੰਘ, ਭਾਈ ਗੁਰਸੇਵਕ ਸਿੰਘ, ਭਾਈ ਧਰਮਿੰਦਰ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਜਸਵਿੰਦਰ ਸਿੰਘ ਬਿੰਦੀ, ਭਾਈ ਗੇਜਾ ਸਿੰਘ ਆਦਿ ਹਾਜ਼ਰ ਸਨ।