ਜੇਐੱਨਐੱਨ, ਲੁਧਿਆਣਾ : ਪੰਜਾਬ 'ਚ ਮੌਸਮ ਦੇ ਵੱਖ-ਵੱਖ ਰੰਗ ਦੇਖਣ ਨੂੰ ਮਿਲੇ। ਕਈ ਥਾਵਾਂ 'ਤੇ ਮੌਨਸੂਨ ਦੀ ਬਾਰਿਸ਼ ਹੋਈ। ਲੁਧਿਆਣਾ 'ਚ ਕਰੀਬ 23 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ। ਜਿਵੇਂ-ਜਿਵੇਂ ਦਿਨ ਚੜ੍ਹਿਆ ਤਾਂ ਬੱਦਲਾਂ ਦੀ ਥਾਂ ਤੇਜ਼ ਧੁੱਪ ਨੇ ਲੈ ਲਈ। ਅਜਿਹੇ 'ਚ ਸਾਰਾ ਦਿਨ ਲੋਕਾਂ ਨੂੰ ਹੁੰਮਸ ਭਰੀ ਗਰਮੀ 'ਚ ਬਿਤਾਉਣਾ ਪਿਆ। ਰਾਤ ਕਰੀਬ ਸਾਢੇ ਅੱਠ ਵਜੇ ਮੌਸਮ ਮੁੜ ਬਦਲਿਆ। ਅਚਾਨਕ ਧੂੜ ਨਾਲ ਹਨੇਰੀ ਨੇ ਦਸਤਕ ਦਿੱਤੀ। ਹਨੇਰੀ ਦੌਰਾਨ ਬਿਜਲੀ ਵੀ ਗਰਜਦੀ ਰਹੀ। ਧੂੜ ਕਾਰਨ ਸੜਕਾਂ 'ਤੇ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉੱਥੇ ਹਨੇਰੀ ਨਾਲ ਹਲਕੀ ਬਾਰਿਸ਼ ਵੀ ਸ਼ੁਰੂ ਹੋ ਗਈ। ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ, ਸ਼ਨਿਚਰਵਾਰ ਨੂੰ ਵੀ ਬੱਦਲ ਛਾਏ ਰਹਿਣਗੇ ਤੇ ਬਾਰਿਸ਼ ਦੀ ਵੀ ਸੰਭਾਵਨਾ ਹੈ।