ਅਮਿਤ ਜੇਤਲੀ, ਲੁਧਿਆਣਾ : ਰੇਲ ਗੱਡੀਆਂ 'ਚ ਬਗੈਰ ਟਿਕਟ ਸਫਰ ਕਰਨ ਵਾਲੇ ਮੁਸਾਫਰਾਂ ਤੇ ਪਲੇਟਫਾਰਮ ਉਤਰ ਕੇ ਲਾਈਨਾਂ ਪਾਰ ਕਰਨ ਵਾਲਿਆਂ ਲਈ ਸ਼ੁੱਕਰਵਾਰ ਦਾ ਦਿਨ ਖਰਾਬ ਰਿਹਾ। ਅਜਿਹੇ ਮੁਸਾਫਰਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਸ਼ੁੱਕਰਵਾਰ ਸਪੈਸ਼ਲ ਰੇਲਵੇ ਮੈਜਿਸਟਰੇਟ ਰਾਜਪਾਲ ਰਾਵਲ ਵੱਲੋਂ ਲੁਧਿਆਣਾ ਸਟੇਸ਼ਨ 'ਤੇ ਕੈਂਪ ਕੋਰਟ ਲਾਈ ਗਈ। ਜਿਸ ਵਿਚ ਵੱਖ-ਵੱਖ ਰੇਲਵੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ ਜੁਰਮਾਨੇ ਵਸੂਲੇ ਗਏ। ਇਸ ਦੌਰਾਨ ਆਰਪੀਐੱਫ, ਜੀਆਰਪੀ ਤੇ ਟਿਕਟ ਚੈਕਰਾਂ ਦੀ ਟੀਮ ਨੇ ਲਾਈਨ ਕਰਾਸਿੰਗ, ਨਜਾਇਜ਼ ਵੈਂਡਿੰਗ ਤੇ ਗਲਤ ਢੰਗ ਨਾਲ ਅੱਪਰ ਕਲਾਸ 'ਚ ਸਫ਼ਰ ਕਰਨ ਦੇ ਦੋਸ਼ 'ਚ 59 ਵਿਅਕਤੀਆਂ ਨੂੰ ਕਾਬੂ ਕਰਕੇ ਕੈਂਪ ਕੋਰਟ 'ਚ ਪੇਸ਼ ਕੀਤਾ। ਜਿੱਥੇ ਉਨ੍ਹਾਂ ਕੋਲੋਂ ਕੁੱਲ 24,600 ਰੁਪਏ ਜੁਰਮਾਨਾ ਵਸੂਲਿਆ ਗਿਆ ਤੇ ਚਿਤਾਵਨੀ ਦੇ ਕੇ ਰਿਹਾਅ ਕਰ ਦਿੱਤਾ ਗਿਆ।