ਹਰਜੋਤ ਸਿੰਘ ਅਰੋੜਾ, ਲੁਧਿਆਣਾ : ਲੁਧਿਆਣਾ ਦੇ ਦਮੋਰੀਆ ਪੁਲ਼ ਦੇ ਕੋਲ ਅੱਜ ਸਵੇਰੇ ਮਾਲ ਗੱਡੀ ਦੇ ਚਾਰ ਡੱਬੇ ਪਟੜੀ ਤੋਂ ਉੱਤਰ ਗਏ, ਜਿਸ ਨਾਲ ਕਰੀਬ ਤਿੰਨ ਘੰਟੇ ਰੇਲ ਗੱਡੀਆਂ ਦੀ ਆਵਾਜਾਈ ਠੱਪ ਰਹੀ। ਇਸ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਜਿਵੇਂ ਹੀ ਮਾਲ ਗੱਡੀ ਦੇ ਡੱਬੇ ਪੱਟੜੀ ਤੋਂ ਉਤਰਨ ਦੀ ਸੂਚਨਾ ਮਿਲੀ ਤਾਂ ਮੌਕੇ 'ਤੇ ਤੁਰੰਤ ਿਫ਼ਰੋਜਪੁਰ ਇਲਾਕੇ ਦੇ ਟ੍ਰੈਫਿਕ ਇੰਸਪੈਕਟਰ ਸਹਿਤ ਕਈ ਹੋਰ ਉਚ ਅਧਿਕਾਰੀ ਮੌਕੇ 'ਤੇ ਪੁੱਜ ਗਏ, ਜਿਨ੍ਹਾਂ ਵੱਲੋਂ ਜੰਗੀ ਪੱਧਰ 'ਤੇ ਕੰਮ ਕਰਵਾ ਕੇ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ ਕਰਵਾਈ ਗਈ। ਜਾਣਕਾਰੀ ਅਨੁਸਾਰ ਕਾਂਟਾ ਬਦਲਣ ਦੀ ਮੁਸ਼ਕਿਲ ਦੇ ਕਾਰਨ ਇਹ ਹਾਦਸਾ ਹੋਇਆ। ਪਿਛਲੇ ਪੰਦਰਾਂ ਦਿਨ ਤੋਂ ਇੱਥੇ ਕਾਂਟੇ ਦੀ ਗੜਬੜੀ ਚੱਲ ਰਹੀ ਹੈ ਅਤੇ ਕਈ ਵਾਰ ਟਰੇਨਾਂ ਦੇਰੀ ਨਾਲ ਵੀ ਚੱਲੀਆਂ ਹਨ। ਫਿਲਹਾਲ ਉੱਚ ਅਧਿਕਾਰੀ ਇਸ ਸਬੰਧ ਵਿੱਚ ਕੁਝ ਵੀ ਕਹਿਣ ਤੋਂ ਟਾਲਾ ਵੱਟ ਰਹੇ ਹਨ। ਜਦਕਿ ਰੇਲਵੇ ਵੱਲੋਂ ਇਸ ਸਬੰਧੀ ਉੱਚ ਪੱਧਰੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ, ਜਿਸ ਵੇਲੇ ਮਾਲ ਗੱਡੀ ਅੰਮਿ੍ਰਤਸਰ ਵੱਲ ਜਾ ਰਹੀ ਸੀ ਤਾਂ ਉਸੇ ਸਮੇਂ ਜਲੰਧਰ ਤੋਂ ਪੱਛਮ ਐਕਸਪ੍ਰੈੱਸ ਲੁਧਿਆਣੇ ਆ ਰਹੀ ਸੀ। ਜਿਵੇਂ ਹੀ ਮਾਲ ਗੱਡੀ ਦੇ ਡੱਬੇ ਪੱਟੜੀ ਤੋਂ ਉਤਰੇ ਪੱਛਮ ਐਕਸਪ੍ਰੈੱਸ ਨੂੰ ਰਸਤੇ ਵਿਚ ਹੀ ਰੋਕ ਦਿੱਤਾ ਗਿਆ। ਯਾਤਰੀਆਂ ਨੂੰ ਸੂਚਨਾ ਮਿਲਣ ਤੇ ਪੱਛਮ ਐਕਸਪ੍ਰੈੱਸ ਦੇ ਯਾਤਰੀ ਪੈਦਲ ਹੀ ਸਟੇਸ਼ਨ ਤਕ ਪੁੱਜੇ ਜੋ ਲੁਧਿਆਣੇ ਉਤਰਨਾ ਚਾਹੁੰਦੇ ਸਨ, ਉਹ ਉੱਥੋਂ ਹੀ ਆਪਣੇ ਘਰਾਂ ਨੂੰ ਚਲੇ ਗਏ। ਇਸ ਦੌਰਾਨ ਕਰੀਬ 6 ਤੋਂ ਵੱਧ ਰੇਲ ਗੱਡੀਆਂ ਲੇਟ ਹੋਈਆਂ, ਜਿਨ੍ਹਾਂ ਵਿਚ ਪਛਮ ਐਕਸਪ੍ਰੈੱਸ, ਅਮਰਪਾਲੀ ਐਕਸਪ੍ਰੈੱਸ, ਜਨਸੇਵਾ ਐਕਸਪ੍ਰੈੱਸ, ਕਟਿਹਾਰ ਆਮਰਪਾਲੀ ਐਕਸਪ੍ਰੈੱਸ ਸ਼ਾਮਿਲ ਹਨ। ਰੇਲਵੇ ਸਟੇਸ਼ਨ 'ਤੇ ਸਥਿਤ ਯਾਤਰੀ ਜਿਨ੍ਹਾਂ ਨੇ ਘੱਟ ਦੂਰੀ ਤਕ ਜਾਣਾ ਸੀ ਉਹ ਬੱਸ ਸਫਰ ਰਾਹੀਂ ਨਿਕਲ ਗਏ ਅਤੇ ਸਟੇਸ਼ਨ ਤੇ ਸੰਨਾਟਾ ਪਸਰ ਗਿਆ। ਇਸ ਸਬੰਧੀ ਫਿਰੋਜ਼ਪੁਰ ਰੇਲ ਮੰਡਲ ਦੇ ਟ੍ਰੈਫਿਕ ਇੰਸਪੈਕਟਰ ਆਰਕੇ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਦੁਰਘਟਨਾ ਕਿਉਂ ਹੋਈ ਹੈ ਇਸ ਸਬੰਧੀ ਜਾਂਚ ਸ਼ੁਰੂ ਹੋ ਚੁੱਕੀ ਹੈ।