ਸਰਵਣ ਸਿੰਘ ਭੰਗਲਾਂ, ਸਮਰਾਲਾ

ਕੇਂਦਰ ਸਰਕਾਰ ਦੇ ਕਾਲ਼ੇ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ 'ਚ ਚੱਲ ਰਹੇ ਕਿਸਾਨੀ ਅੰਦੋਲਨ 'ਚ ਵੱਡਾ ਯੋਗਦਾਨ ਪਾਉਣ ਵਾਲ਼ੇ ਪਾਲੀਵੁੱਡ ਅਦਾਕਾਰ ਮਲਕੀਤ ਰੌਣੀ ਵੱਲੋਂ ਸਮਰਾਲਾ ਵਿਖੇ ਪੁੱਜ ਕੇ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਆਪਣੀ ਪੂਰੀ ਤਾਕਤ ਲਾਕੇ ਇਸ ਸੰਘਰਸ਼ 'ਚ ਹਿੱਸਾ ਪਾਉਂਣ ਲਈ ਡਟੇ ਰਹਿਣ।

ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਦਿੱਲੀ 'ਚ ਕੱਢੀ ਗਈ ਟਰਾਇਲ ਟ੍ਰੈਕਟਰ ਰੈਲੀ ਮਹਿਜ਼ ਨਿੱਕਾ ਜਿਹਾ ਟ੍ਰੇਲਰ ਸੀ ਜਦਕਿ ਇਸ ਪਰੇਡ ਦੀ ਪੂਰੀ ਫਿਲਮ 26 ਜਨਵਰੀ ਨੂੰ ਦਿਖਾਈ ਜਾਵੇਗੀ ਜਿਸ ਨੂੰ ਦੇਖਕੇ ਕੇਂਦਰ ਸਰਕਾਰ ਦੀਆਂ ਅੱਖਾਂ ਅੱਡੀਆਂ ਰਹਿ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸਾਡੀ ਸਮੁੱਚੀ ਟੀਮ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਜਾਕੇ ਨੌਜਵਾਨਾਂ ਨੂੰ ਪ੍ਰਰੇਰਿਤ ਕੀਤਾ ਜਾ ਰਿਹਾ ਹੈ ਕਿ ਆਪਣੀਆਂ ਜ਼ਮੀਨਾਂ ਤੇ ਜ਼ਮੀਰਾਂ ਨੂੰ ਬਚਾਉਣ ਲਈ ਸਾਨੂੰ ਇਹ ਸੰਘਰਸ਼ ਹੋਰ ਤੇਜ਼ ਕਰਨਾ ਹੋਵੇਗਾ ਤੇ 26 ਜਨਵਰੀ ਨੂੰ ਪੂਰੇ ਦੇਸ਼ ਵਿਚ ਸਾਬਿਤ ਕਰਨਾ ਹੋਵੇਗਾ ਕਿ ਕਿਸਾਨ ਮਜ਼ਦੂਰ ਏਕਤਾ ਅਟੁੱਟ ਅਤੇ ਮਜ਼ਬੂਤ ਹੈ। ਪੰਜਾਬ ਯੂਥ ਫੋਰਸ ਦੇ ਪ੍ਰਧਾਨ ਪਰਮਜੀਤ ਸਿੰਘ ਿਢੱਲੋਂ ਨੇ ਕਿਹਾ ਕਿ ਇਹ ਵਰਤਾਰਾ ਬੇਹਦ ਮੰਦਭਾਗਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਸੁਲਝਾਉਣ ਦੀ ਥਾਂ ਆਪਣੇ ਸਮੁੱਚੇ ਸਰਕਾਰੀ ਤੰਤਰ ਨੂੰ ਦੇਸ਼ ਦੇ ਕਿਸਾਨਾਂ ਨੂੰ ਅੱਤਵਾਦੀ ਤੇ ਵੱਖਵਾਦੀ ਸਾਬਿਤ ਕਰਨ 'ਤੇ ਲਗਾ ਰਹੀ ਹੈ। ਇਸ ਮੌਕੇ ਦਲਬੀਰ ਸਿੰਘ ਕੰਗ, ਅਵਤਾਰ ਸਿੰਘ ਕੋਟਾਲਾ, ਭਾਈ ਅੰਤਰਜੋਤ ਸਿੰਘ ਤੇ ਸਰਬਜੋਤ ਸਿੰਘ ਹਾਜ਼ਰ ਸਨ।