ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : 'ਇਕ ਨਜ਼ਰ ਮੇਹਰ ਦੀ ਤੱਕ ਲੈ ਮੇਰੇ ਦਾਤਿਆ ਮੈਨੂੰ ਕੁੱਤਿਆਂ 'ਚ ਰੱਖ ਲੈ' ਅਤੇ 'ਕਿਸੇ ਦੀ ਗ਼ਰੀਬੀ ਦਾ ਮਜ਼ਾਕ ਨਹੀਂ ਉਡਾਈਦਾ' ਜਿਹੇ ਕਈ ਹਿੱਟ ਗੀਤਾਂ ਦੇ ਗਾਇਕ ਅਤੇ ਪੰਜਾਬੀ ਸੂਫ਼ੀ ਗਾਇਕੀ 'ਚ ਛੋਟੀ ਉਮਰ 'ਚ ਹੀ ਵੱਡਾ ਨਾਂ ਕਮਾਉਣ ਵਾਲੇ ਵਿੱਕੀ ਬਾਦਸ਼ਾਹ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਜਲੰਧਰ ਬਾਈਪਾਸ ਦੇ ਭੱਟੀਆਂ ਇਲਾਕੇ ਦੇ ਰਹਿਣ ਵਾਲੇ ਵਿੱਕੀ ਬਾਦਸ਼ਾਹ ਆਪਣੇ ਪਿੱਛੇ ਪਤਨੀ ਤੇ ਚਾਰ ਬੱਚੇ ਛੱਡ ਗਏ ਹਨ।

ਜਾਣਕਾਰੀ ਮੁਤਾਬਕ ਐਤਵਾਰ ਦੁਪਹਿਰ ਨੂੰ ਵਿੱਕੀ ਬਾਦਸ਼ਾਹ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਹਸਪਤਾਲ ਵਿੱਚ ਦਾਖਲ ਵਿੱਕੀ ਬਾਦਸ਼ਾਹ ਨੂੰ ਕੁਝ ਸਮੇਂ ਬਾਅਦ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਵਿੱਕੀ ਬਾਦਸ਼ਾਹ ਦਾ ਇਕ ਬੇਟਾ ਅਤੇ ਤਿੰਨ ਬੇਟੀਆਂ ਹਨ। ਵਿੱਕੀ ਬਾਦਸ਼ਾਹ ਨੇ ਜਿੱਥੇ ਪੰਜਾਬੀ ਸੂਫ਼ੀ ਗਾਇਕੀ ਵਿਚ ਆਪਣਾ ਨਾਂ ਕਮਾਇਆ ਉੱਥੇ ਉਨ੍ਹਾਂ ਨੇ ਜਗਰਾਤਿਆਂ ਵਿਚ ਵੀ ਆਪਣੀ ਵੱਖਰੀ ਪਛਾਣ ਬਣਾਈ। ਵਿੱਕੀ ਬਾਦਸ਼ਾਹ ਦੀ ਮੌਤ ਤੋਂ ਬਾਅਦ ਪੰਜਾਬੀ ਕਲਾਕਾਰਾਂ 'ਚ ਸ਼ੋਕ ਦੀ ਲਹਿਰ ਹੈ।

ਛੋਟੀ ਜਿਹੀ ਉਮਰ 'ਚ ਗਾਇਕੀ 'ਚ ਨਾਂ ਕਮਾਉਣ ਵਾਲੇ ਵਿੱਕੀ ਬਾਦਸ਼ਾਹ ਦੇ ਵੱਡੀ ਗਿਣਤੀ 'ਚ ਪ੍ਰਸ਼ੰਸਕ ਹਨ। ਸੂਫ਼ੀ ਗਾਇਕੀ 'ਚ ਉਨ੍ਹਾਂ ਅਲੱਗ ਹੀ ਛਾਪ ਛੱਡੀ ਹੈ। ਬਾਦਸ਼ਾਹ ਨੇ ਅਸੀਂ ਮੌਤ ਨੂੰ ਗਲ਼ੇ ਲਗਾਉਣਾ..., ਮਸਤਾਂ ਨੂੰ ਛੇੜੀ ਨਾ..., ਮਸਤੀ ਮਸਤਾਂ ਦੀ..., ਸਾਈਂ ਮਾਰਿਆ ਜੁਗਨੀ, ਸਜਨਾ ਨਾਲ ਮੇਲ ਕਰਾ ਦੇ..., ਵਰਗੇ ਸੂਫ਼ੀ ਗੀਤਾਂ ਨਾਲ ਵੱਖਰੀ ਪਛਾਣ ਬਣਾਈ ਸੀ।

Posted By: Seema Anand