ਕੁਲਵਿੰਦਰ ਸਿੰਘ ਰਾਏ, ਕਿਰਨਵੀਰ ਸਿੰਘ ਮਾਂਗਝ, ਖੰਨਾ/ਦੋਰਾਹਾ : ਦੋਰਾਹਾ ਦੇ ਪਿੰਡ ਜੈਪੁਰਾ ਦੇ ਇਕ ਨੌਜਵਾਨ ਦਾ ਇਟਲੀ 'ਚ ਕਤਲ ਹੋ ਗਿਆ। ਇਟਲੀ ਸਰਕਾਰ ਵੱਲੋਂ 10 ਮਹੀਨੇ ਬਾਅਦ ਆਈ ਚਿੱਠੀ ਨਾਲ ਪਰਿਵਾਰ ਨੂੰ ਇਸ ਕਤਲ ਬਾਰੇ ਪਤਾ ਲੱਗਾ। ਚਿੱਠੀ ਪੜ੍ਹਦੇ ਹੀ ਪਰਿਵਾਰ ਦੇ ਹੋਸ਼ ਉੱਡ ਗਏ।

ਦੱਸਣਯੋਗ ਹੈ ਕਿ ਹੁਸ਼ਿਆਰ ਸਿੰਘ (43 ਸਾਲ) 2008 'ਚ ਰੁਜ਼ਗਾਰ ਲਈ ਇਟਲੀ ਗਿਆ ਸੀ। ਉਹ ਆਪਣੇ ਪਿੱਛੇ ਪਤਨੀ, 3 ਲੜਕੀਆਂ ਤੇ ਇਕ ਲੜਕਾ ਛੱਡ ਗਿਆ ਹੈ। ਆਖ਼ਰੀ ਵਾਰ ਉਹ 2017-18 ਨੂੰ ਪੰਜਾਬ ਆਇਆ ਸੀ। ਪਰਿਵਾਰ ਦੀ ਆਖ਼ਰੀ ਵਾਰ 10 ਫ਼ਰਵਰੀ 2019 ਨੂੰ ਹੁਸ਼ਿਆਰ ਸਿੰਘ ਨਾਲ ਗੱਲ ਹੋਈ। ਇਸ ਮਗਰੋਂ ਉਸਦਾ ਫੋਨ ਲਗਾਤਾਰ ਬੰਦ ਰਿਹਾ ਸੀ, ਹੁਣ ਕੁਝ ਦਿਨ ਪਹਿਲਾਂ ਹੀ ਚਿੱਠੀ ਮਿਲੀ ਕਿ ਫਰਵਰੀ 2019 'ਚ ਹੁਸ਼ਿਆਰ ਸਿੰਘ ਦਾ ਕਤਲ ਹੋ ਗਿਆ ਹੈ।


23 ਨਵਬੰਰ ਨੂੰ ਮਿਲੀ ਲਾਸ਼

ਜਾਣਕਾਰੀ ਅਨੁਸਾਰ, ਹੁਸ਼ਿਆਰ ਸਿੰਘ ਦਾ ਕਤਲ 10 ਫਰਵਰੀ ਦੇ ਨੇੜੇ-ਤੇੜੇ ਹੋਇਆ ਜਿਸ ਦੀ ਗਲੀ ਸੜੀ ਬਦਬੂ ਮਾਰਦੀ ਲਾਸ਼ 23 ਨਵੰਬਰ ਨੂੰ ਕਿਸੇ ਰਾਹਗੀਰ ਨੂੰ ਮਿਲੀ ਸੀ। ਹੁਸ਼ਿਆਰ ਸਿੰਘ ਆਪਣੇ ਸਾਥੀ ਸੰਜੇ ਨਾਲ ਕੁਝ ਦਿਨ ਪਹਿਲਾਂ ਹੀ ਇਟਲੀ ਦੇ ਸ਼ਹਿਰ ਪਦੋਵਾ ਆਇਆ ਸੀ। ਕਤਲ ਤੋਂ ਬਾਅਦ ਇਟਲੀ ਪੁਲਿਸ ਸੰਜੇ ਤੇ ਨਜ਼ਦੀਕ ਰਹਿਣ ਵਾਲੇ ਇਕ ਪਾਕਿਸਤਾਨੀ ਤੋਂ ਪੁੱਛਗਿੱਛ ਕਰ ਰਹੀ ਹੈ।

ਮਾਲਕ ਨਾਲ ਸੀ ਝਗੜਾ : ਪਤਨੀ

ਮਿ੍ਤਕ ਦੀ ਪਤਨੀ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਸਾਰੇ ਪਰਿਵਾਰ ਦਾ ਖ਼ਰਚਾ, ਉਸਦੇ ਪਤੀ ਵੱਲੋਂ ਭੇਜੇ ਜਾ ਰਹੇ ਪੈਸਿਆਂ ਨਾਲ ਚੱਲਦਾ ਸੀ। ਉਸਦੇ ਪਤੀ ਨਾਲ ਆਖ਼ਰੀ ਵਾਰ ਜਦੋਂ ਗੱਲ ਹੋਈ ਤਾਂ ਉਸਨੇ ਕਿਹਾ ਕਿ ਉਸਦਾ ਮਾਲਕ ਨਾਲ ਝਗੜਾ ਹੋ ਗਿਆ। ਇਸ ਲਈ ਉਹ ਪਰੇਸ਼ਾਨ ਹੈ ਤੇ ਅਜੇ ਹੋਰ ਪੈਸੇ ਵੀ ਨਹੀਂ ਭੇਜ ਸਕਦਾ। ਸੁਖਵਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੇ ਪਤੀ ਦੇ ਕਾਤਲਾਂ ਨੂੰ ਕਾਬੂ ਕਰਵਾਉਣ ਲਈ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਨੂੰ ਵੀ ਮਿਲੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸਦੇ ਪਤੀ ਦੇ ਕਾਤਲਾਂ ਨੂੰ ਸਖ਼ਤ ਸਜਾ ਦਿਵਾਈ ਜਾਵੇ।

ਮਾਮੇ ਨੇ ਲਿਆ ਸੀ ਗੋਦ

ਹੁਸ਼ਿਆਰ ਸਿੰਘ ਪਿੰਡ ਜੈਪੂਰਾ ਦਾ ਰਹਿਣ ਵਾਲਾ ਸੀ, ਉਸਦਾ ਪਹਿਲਾ ਪਿੰਡ ਭਾਮੀਆਂ ਕਲਾਂ ਸੀ। ਜਿਸ ਨੂੰ ਛੋਟੇ ਹੁੰਦਿਆਂ ਹੀ ਉਸਦੇ ਮਾਮਾ ਫਕੀਰ ਚੰਦ ਨੇ ਗੋਦ ਲਿਆ ਸੀ ਤੇ ਉਸਦਾ ਵਿਆਹ ਵੀ ਮਾਮੇ ਨੇ ਹੀ ਕੀਤਾ ਸੀ। ਹੁਸ਼ਿਆਰ ਸਿੰਘ ਦੇ ਤਿੰਨ ਲੜਕੀਆਂ ਤੇ ਇਕ ਲੜਕਾ ਸੀ। ਇਸ ਦੇ ਨਾਲ ਉਸਦੇ ਮਾਮੇ ਦੇ ਚਾਰ ਲੜਕੀਆਂ ਸਨ। ਦੋਵਾਂ ਪਰਿਵਾਰਾਂ ਦਾ ਪਾਲਣ-ਪੋਸ਼ਣ ਹੁਸ਼ਿਆਰ ਸਿੰਘ ਕਰਦਾ ਸੀ। 7 ਲੜਕੀਆਂ ਦੀ ਵੱਡੀ ਜਿੰਮੇਵਾਰੀ ਕਾਰਨ 2008 'ਚ ਇਟਲੀ ਗਿਆ ਸੀ।