Punjab Weather Update : ਜਾਗਰਣ ਸੰਵਾਦਦਾਤਾ, ਲੁਧਿਆਣਾ : ਪੰਜਾਬ ’ਚ ਚੱਲ ਰਹੀ ਲੂ ਤੇ ਪ੍ਰਚੰਡ ਗਰਮੀ ਕਾਰਨ ਸ਼ਨਿਚਰਵਾਰ ਨੂੰ ਕਈ ਜ਼ਿਲ੍ਹਿਆਂ ’ਚ ਤਾਪਮਾਨ ਮਈ ਮਹੀਨੇ ’ਚ ਆਪਣੇ ਹੁਣ ਤਕ ਦੇ ਉੱਚ ਪੱਧਰ ’ਤੇ ਪੁੱਜ ਗਿਆ ਹੈ ਤੇ 52 ਸਾਲਾਂ ’ਚ ਪਹਿਲੀ ਵਾਰੀ ਮਈ ਦੇ ਪਹਿਲੇ 15 ਦਿਨਾਂ ’ਚ ਤਾਪਮਾਨ 44.5 ਡਿਗਰੀ ਸੈਲਸੀਅਸ ਤੋਂ ਉੱਪਰ ਗਿਆ ਹੈ। ਮੌਸਮ ਵਿਭਾਗ ਚੰਡੀਗਡ਼੍ਹ ਮੁਤਾਬਕ, ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਵੱਧ ਤੋਂ ਵੱਧ ਤਾਪਮਾਨ ਸਾਧਾਰਨ ਤੋਂ ਪੰਜ ਤੋਂ ਸੱਤ ਡਿਗਰੀ ਸੈਲਸੀਅਸ ਜ਼ਿਆਦਾ ਦਰਜ ਕੀਤਾ ਗਿਆ।

ਸ਼ਚਿਨਰਵਾਰ ਨੂੰ ਮੁਕਤਸਰ ਪੰਜਾਬ ’ਚ ਸਭ ਤੋਂ ਗਰਮ ਰਿਹਾ ਤੇ ਇੱਥੇ ਵੱਧ ਤੋਂ ਵੱਧ ਤਾਪਮਾਨ 46.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਬਠਿੰਡੇ ’ਚ 46, ਅੰਮ੍ਰਿਤਸਰ ’ਚ 45.6, ਫਿਰੋਜ਼ਪੁਰ ’ਚ 45.5, ਹੁਸ਼ਿਆਰਪੁਰ ’ਚ 45.3, ਬਰਨਾਲੇ ’ਚ 45.1 ਤੇ ਲੁਧਿਆਣੇ ’ਚ 45 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੂਬੇ ਦੇ ਹੋਰਨਾਂ ਜ਼ਿਲ੍ਹਿਆਂ ’ਚ ਤਾਪਮਾਨ 44.1 ਤੋਂ 44.6 ਡਿਗਰੀ ਸੈਲਸੀਅਸ ਤਕ ਦਰਜ ਕੀਤਾ ਗਿਆ।

ਪੰਜਾਬ ਖੇਤੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਮੁਤਾਬਕ, 1970 ਤੋਂ 2021 (52 ਸਾਲ) ਦੌਰਾਨ ਕਦੇ ਵੀ ਮਈ ਦੇ ਪਹਿਲੇ 15 ਦਿਨਾਂ ’ਚ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਤਕ ਨਹੀਂ ਪੁੱਜਾ। ਪੀਏਯੂ ਮੌਸਮ ਵਿਭਾਗ ਦੀ ਮੁਖੀ ਡਾ. ਪਵਨੀਤ ਕਿੰਗਰਾ ਨੇ ਕਿਹਾ ਕਿ ਪੀਏਯੂ ’ਚ ਸਾਲ 1970 ’ਚ ਮੌਸਮ ਵਿਭਾਗ ਸਥਾਪਤ ਹੋਇਆ ਸੀ। ਵਿਭਾਗ ਦੇ ਰਿਕਾਰਡ ਮੁਤਾਬਕ, ਸਾਲ 2000 ’ਚ 14 ਮਈ ਨੂੰ ਤਾਪਮਾਨ 44.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਉੱਥੇ 2004 ’ਚ 14 ਮਈ ਨੂੰ 44.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਮੌਸਮ ਵਿਭਾਗ ਦੇ ਚੰਡੀਗਡ਼੍ਹ ਕੇਂਦਰ ਸਾਲ 2002 ਤੋਂ ਲੈ ਕੇ ਸਾਲ 2021 ਤਕ ਸਾਲ 2012 ’ਚ 31 ਮਈ ਨੂੰ ਵੱਧ ਤੋਂ ਵੱਧ ਤਾਪਮਾਨ 44.8 ਤੇ ਸਾਲ 2013 ’ਚ 24 ਮਈ ਨੂੰ 44.6 ਡਿਗਰੀ ਸੈਲਸੀਅਸ ਦਰਜ ਹੋਇਆ ਸੀ।

ਅੱਜ ਹੋਰ ਵਧੇਗਾ ਤਾਪਮਾਨ, ਕੱਲ੍ਹ ਹਨੇਰੀ ਨਾਲ ਮਿਲ ਸਕਦੀ ਹੈ ਰਾਹਤ

ਮੌਸਮ ਵਿਭਾਗ ਦੇ ਚੰਡੀਗਡ਼੍ਹ ਕੇਂਦਰ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਐਤਵਾਰ ਨੂੰ ਲੂ ਚੱਲੇਗੀ ਤੇ ਕਈ ਜ਼ਿਲ੍ਹਿਆਂ ’ਚ ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਸੈਲਸੀਅਸ ਤਕ ਜਾ ਸਕਦਾ ਹੈ। ਸੋਮਵਾਰ ਨੂੰ ਹਿਮਾਚਲ ’ਚ ਪੱਛਮੀ ਗਡ਼ਬਡ਼ੀ ਦੇ ਸਰਗਰਮ ਹੋਣ ਨਾਲ ਮਾਝਾ ਤੇ ਦੁਆਬਾ ਇਲਾਕੇ ’ਚ 40 ਤੋਂ 50 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਧੂਡ਼ ਭਰੀ ਹਨੇਰੀ ਚੱਲ ਸਕਦੀ ਹੈ। ਕੁਝ ਥਾਵਾਂ ’ਤੇ ਗਰਜ ਨਾਲ ਛਿੱਟੇ ਪਾ ਸਕਦੇ ਹਨ। ਉੱਥੇ ਮੰਗਲਵਾਰ ਨੂੰ ਪੂਰੇ ਪੰਜਾਬ ’ਚ ਧੂਡ਼ ਭਰੀ ਹਨੇਰੀ ਚੱਲਣ ਦੇ ਨਾਲ ਹੀ ਗਰਜ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ।

ਦਿੱਲੀ ’ਚ ਪਾਰਾ 47 ਡਿਗਰੀ ਰਿਹਾ

ਨਵੀਂ ਦਿੱਲੀ : ਦਿੱਲੀ ਦੇ ਕੁਝ ਹਿੱਸਿਆਂ ’ਚ ਤਾਪਮਾਨ 47 ਡਿਗਰੀ ਨੂੰ ਵੀ ਪਾਰ ਕਰ ਗਿਆ। ਮੁੰਗੇਸ਼ਪੁਰ ’ਚ ਤਾਪਮਾਨ 47.2 ਡਿਗਰੀ ਸੈਲਸੀਅਸ ਤੇ ਨਜ਼ਫਗਡ਼੍ਹ ’ਚ 47 ਡਿਗਰੀ ਦਰਜ ਕੀਤਾ ਗਿਆ। ਇਨ੍ਹਾਂ ਥਾਵਾਂ ’ਤੇ ਤਾਪਮਾਨ ਸਾਧਾਰਨ ਤੋਂ ਸੱਤ ਡਿਗਰੀ ਜ਼ਿਆਦਾ ਸੀ। ਸਫਦਰਜੰਗ ’ਚ ਤਾਪਮਾਨ 44.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਿਹਡ਼ਾ ਸਾਧਾਰਨ ਤੋਂ ਪੰਜ ਡਿਗਰੀ ਜ਼ਿਆਦਾ ਹੈ। ਰਾਜਧਾਨੀ ’ਚ ਆਰੇਂਜ ਅਲਰਟ ਐਲਾਨ ਦਿੱਤਾ ਗਿਆ ਹੈ ਜਦਕਿ ਐਤਵਾਰ ਨੂੰ ਤਾਪਮਾਨ ਹੋਰ ਵਧਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੌਸਮ ਸਬੰਧੀ ਚਿਤਾਵਨੀ ਲਈ ਚਾਰ ਰੰਗਾਂ ਦੀ ਵਰਤੋਂ ਕਰਦਾ ਹੈ- ਗ੍ਰੀਨ (ਕੋਈ ਕਾਰਵਾਈ ਦੀ ਲੋਡ਼ ਨਹੀਂ), ਪੀਲਾ (ਦੇਖੋ ਤੇ ਅਪਡੇਟ ਰਹੋ), ਆਰੇਂਜ (ਤਿਆਰ ਰਹੋ) ਤੇ ਰੈੱਡ (ਕਾਰਵਾਈ ਕਰੋ)। ਮੌਸਮ ਵਿਭਾਗ ਮੁਤਾਬਕ, ਅਗਲੇ ਹਫ਼ਤੇ ਬੱਦਲਾਂ ਤੇ ਹਲਕੀ ਬਾਰਿਸ਼ ਨਾਲ ਲੋਕਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ।

Posted By: Seema Anand