Punjab Weather : ਜਾਗਰਣ ਸੰਵਾਦਦਾਤਾ, ਲੁਧਿਆਣਾ : ਸੂਬੇ ਵਿਚ 30 ਜੂਨ ਤੋਂ ਦੋ ਜੁਲਾਈ ਵਿਚਾਲੇ ਮੌਨਸੂਨ ਆ ਸਕਦਾ ਹੈ। ਮੌਸਮ ਕੇਂਦਰ ਚੰਡੀਗਡ਼੍ਹ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਸੋਮਵਾਰ ਨੂੰ ਦੱਸਿਆ ਕਿ ਪਹਿਲਾਂ ਸੰਭਾਵਨਾ ਪ੍ਰਗਟਾਈ ਜਾ ਰਹੀ ਸੀ ਕਿ ਮੌਨਸੂਨ ਦੋ ਜੁਲਾਈ ਤੋਂ ਬਾਅਦ ਆਵੇਗਾ ਪਰ ਮੌਜੂਦਾ ਸਮੇਂ ਜਿਸ ਤਰ੍ਹਾਂ ਦੀ ਕੰਡੀਸ਼ਨ ਬਣੀ ਹੋਈ ਹੈ, ਉਸ ਮੁਤਾਬਕ ਸਮੇਂ ’ਤੇ ਮੌਨਸੂਨ ਪੰਜਾਬ ਆ ਜਾਵੇਗਾ। 29 ਜੂਨ ਤੋਂ ਪੰਜਾਬ ਵਿਚ ਪ੍ਰੀ-ਮੌਨਸੂਨ ਵਰ੍ਹੇਗਾ।

ਇਸ ਵਾਰ ਜੁਲਾਈ ਵਿਚ ਆਮ ਤੋਂ ਵੱਧ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਰੋਪਡ਼, ਹੁਸ਼ਿਆਰਪੁਰ ਵਿਚ ਕਈ ਥਾਵਾਂ ’ਤੇ ਗਰਜ ਨਾਲ ਛਿੱਟਾਂ, ਬੂੰਦਾਬਾਂਦੀ ਅਤੇ ਹਲਕੀ ਬਾਰਿਸ਼ ਹੋ ਸਕਦੀ ਹੈ, ਜਿਸ ਨਾਲ ਦਿਨ ਦੇ ਤਾਪਮਾਨ ਵਿਚ ਕਮੀ ਆਵੇਗੀ ਜਦਕਿ ਪੰਜਾਬ ਦੇ ਦੂਜੇ ਸਾਰੇ ਜ਼ਿਲ੍ਹਿਆਂ ਵਿਚ ਮੌਸਮ ਖੁਸ਼ਕ ਰਹੇਗਾ ਅਤੇ ਤੇਜ਼ ਧੁੱਪ ਰਹੇਗੀ। ਉੱਧਰ, ਸੋਮਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਮੌਸਮ ਦੇ ਤੇਵਰ ਤਲਖ਼ ਰਹਿਣ ਨਾਲ ਦਿਨ ਵਿਚ ਲੋਕਾਂ ਨੂੰ ਚਿਪਚਿਪੀ ਗਰਮੀ ਦਾ ਸਾਹਮਣਾ ਕਰਨਾ ਪਿਆ।

Posted By: Seema Anand