ਜਾਗਰਣ ਸੰਵਾਦਦਾਤਾ, ਲੁਧਿਆਣਾ : ਮਾਰਚ, ਅਪ੍ਰੈਲ ਤੇ ਮਈ ਮੱਧ ਤਕ ਸੋਕਾ ਰਹਿਣ ਦੇ ਬਾਅਦ ਹੁਣ ਬਾਰਿਸ਼ ਨੇ ਰਾਹਤ ਦਿੱਤੀ ਹੈ। ਪੱਛਮੀ ਗਡ਼ਬਡ਼ੀ ਦੇ ਸਰਗਰਮ ਹੋਣ ਨਾਲ ਮੰਗਲਵਾਰ ਨੂੰ ਦੂਜੇ ਦਿਨ ਵੀ ਬਾਰਿਸ਼ ਹੋਈ। ਸਵੇਰੇ ਤਿੰਨ ਵਜੇ ਤੋਂ ਲੈ ਕੇ ਦੁਪਹਿਰ ਇਕ ਵਜੇ ਤਕ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਤੇਜ਼ ਹਵਾ ਨਾਲ ਬਾਰਿਸ਼ ਹੋਈ। ਇਸ ਨਾਲ ਮੌਸਮ ਠੰਢਾ ਹੋ ਗਿਆ।

ਮੌਸਮ ਵਿਗਿਆਨ ਕੇਂਦਰ ਚੰਡੀਗਡ਼੍ਹ ਦੇ ਮੁਤਾਬਕ, ਲੁਧਿਆਣਾ ’ਚ 5.7 ਮਿਲੀਮੀਟਰ ਬਾਰਿਸ਼ ਹੋਈ। ਇੱਥੇ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਹ ਸਾਧਾਰਨ ਤੋਂ 12 ਡਿਗਰੀ ਘੱਟ ਰਿਹਾ। ਘੱਟੋ-ਘੱਟ ਤਾਪਮਾਨ 20.2 ਡਿਗਰੀ ਰਿਕਾਰਡ ਕੀਤਾ ਗਿਆ ਜਿਹਡ਼ਾ ਸਾਧਾਰਨ ਤੋਂ ਪੰਜ ਡਿਗਰੀ ਘੱਟ ਰਿਹਾ। ਜਲੰਧਰ ’ਚ ਵੀ 5.5 ਮਿਲੀਮੀਟਰ ਬਾਰਿਸ਼ ਹੋਈ। ਵੱਧ ਤੋਂ ਵੱਧ ਤਾਪਮਾਨ 26.5 ਡਿਗਰੀ ਤੇ ਘੱਟ ਤੋਂ ਘੱਟ 19.9 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇੱਥੇ ਵੀ ਦਿਨ ਤੇ ਰਾਤ ਦੇ ਤਾਪਮਾਨ ’ਚ ਸਿਰਫ਼ ਸੱਤ ਡਿਗਰੀ ਦਾ ਫਰਕ ਦਿਖਿਆ। ਪਟਿਆਲਾ ’ਚ 25.2 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ, ਉੱਥੇ ਵੱਧ ਤੋਂ ਵੱਧ ਤਾਪਮਾਨ ਤੇ ਘੱਟ ਤੋਂ ਘੱਟ ਤਾਪਮਾਨ 18 ਡਿਗਰੀ ਰਿਹਾ। ਬਠਿੰਡਾ ’ਚ 34.6 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ, ਜਦਕਿ ਵੱਧ ਤੋਂ ਵੱਧ ਤਾਪਮਾਨ 30.2 ਡਿਗਰੀ ਤੇ ਘੱਟ ਤੋਂ ਘੱਟ ਤਾਪਮਾਨ 17 ਡਿਗਰੀ ਰਿਕਾਰਡ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ ਸਾਧਾਰਨ ਤੋਂ 10.2 ਡਿਗਰੀ ਤੇ ਘੱਟ ਤੋਂ ਘੱਟ ਤਾਪਮਾਨ ਸਾਧਾਰਨ ਤੋਂ 6.2 ਡਿਗਰੀ ਘੱਟ ਰਿਕਾਰਡ ਕੀਤਾ ਗਿਆ। ਪੰਜਾਬ ਖੇਤੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮਾਹਿਰ ਡਾ. ਕੇਕੇ ਗਿੱਲ ਦਾ ਕਹਿਣਾ ਹੈ ਕਿ ਦੋ ਦਿਨਾਂ ਦੀ ਬਾਰਿਸ਼ ਨਾਲ ਨਮੀ ਵੱਧ ਗਈ। ਵਾਤਾਵਰਨ ਸਾਫ਼ ਹੋ ਗਿਆ। ਬੁੱਧਵਾਰ ਤੋਂ ਮੌਸਮ ਸਾਫ਼ ਹੋ ਜਾਵੇਗਾ।

Posted By: Sandip Kaur