ਜੇਐੱਨਐੱਨ, ਲੁਧਿਆਣਾ : ਸੂਬੇ ਵਿਚ ਐਤਵਾਰ ਨੂੰ ਹਨੇਰੀ ਨੂੰ ਨਾਲ ਲੈ ਕੇ ਮੌਨਸੂਨ ਛਮ-ਛਮ ਵਰਿ੍ਹਆ। ਪੰਜਾਬ ਦੇ ਕਈ ਜ਼ਿਲਿ੍ਹਆਂ 'ਚ ਭਰਵੀਂ ਬਾਰਿਸ਼ ਹੋਈ। ਬਾਰਿਸ਼ ਨਾਲ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ ਕਿਉਂਕਿ ਉਨ੍ਹਾਂ ਨੂੰ ਝੋਨੇ ਦੀ ਸਿੰਚਾਈ ਲਈ ਲੋੜੀਂਦਾ ਪਾਣੀ ਮਿਲ ਗਿਆ।

ਮੌਸਮ ਵਿਭਾਗ ਅਨੁਸਾਰ ਪਟਿਆਲੇ ਵਿਚ 74.7 ਐੱਮਐੱਮ ਬਾਰਿਸ਼ ਦਰਜ ਕੀਤੀ ਗਈ ਜਦਕਿ ਅੰਮਿ੍ਤਸਰ 'ਚ 45.8 ਐੱਮਐੱਮ, ਚੰਡੀਗੜ੍ਹ 'ਚ 45.8 ਐੱਮਐੱਮ, ਜਲੰਧਰ 'ਚ 25.9 ਐੱਮਐੱਮ, ਲੁਧਿਆਣੇ 'ਚ 28.1 ਐੱਮਐੱਮ ਤੇ ਪਠਾਨਕੋਟ 'ਚ 16 ਐੱਮਐੱਮ ਬਾਰਿਸ਼ ਦਰਜ ਕੀਤੀ ਗਈ।

ਦੂਜੇ ਪਾਸੇ ਬਠਿੰਡੇ 'ਚ 16 ਐੱਮਐੱਮ ਤੇ ਕਪੂਰਥਲੇ 'ਚ 37.5 ਐੱਮਐੱਮ ਬਾਰਿਸ਼ ਦਰਜ ਕੀਤੀ ਗਈ। ਮੌਸਮ ਵਿਭਾਗ ਦੀ ਪੇਸ਼ੀਨਗੋਈ ਅਨੁਸਾਰ ਪੰਜਾਬ ਵਿਚ ਤੇਜ਼ ਹਵਾਵਾਂ ਦਰਮਿਆਨ ਬਾਰਿਸ਼ ਦੀ ਸੰਭਾਵਨਾ ਬਣੀ ਹੋਈ ਹੈ। ਵਿਭਾਗ ਦੀ ਮੰਨੀਏ ਤਾਂ 18 ਜੁਲਾਈ ਤਕ ਬੱਦਲਵਾਈ ਤੇ ਬਾਰਿਸ਼ ਹੁੰਦੀ ਰਹੇਗੀ।