ਜੇਐੱਨਐੱਨ, ਲੁਧਿਆਣਾ : ਥਾਣਾ ਮੇਹਰਬਾਨ 'ਚ ਤਾਇਨਾਤ ਪੰਜਾਬ ਹੋਮਗਾਰਡ ਦੇ ਹੌਲਦਾਰ ਦਾ ਏਟੀਐੱਮ ਬਦਲ ਕੇ ਉਸ ਦੇ ਖਾਤੇ 'ਚੋਂ ਤਿੰਨ ਲੱਖ 26 ਹਜ਼ਾਰ ਰੁਪਏ ਕੱਢਵਾ ਲਏ। ਪੁਲਿਸ ਨੇ ਉਸ ਦੀ ਸ਼ਿਕਾਇਤ 'ਤੇ ਥਾਣਾ ਜੋਧੇਵਾਲ ਵਿਖੇ ਅਪਰਾਧਕ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਜੋਧੇਵਾਲ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ 'ਚ ਗੁਰਨਾਮ ਸਿੰਘ ਨੇ ਦੱਸਿਆ ਕਿ ਪਿੰਡ ਜੱਸੀਆਂ ਦਾ ਨਿਵਾਸੀ ਹੈ। ਉਹ ਪੰਜਾਬ ਹੋਮਗਾਰਡ 'ਚ ਹੌਲਦਾਰ ਹੈ ਤੇ ਥਾਣਾ ਮੇਹਰਬਾਨ 'ਚ ਤਾਇਨਾਤ ਹੈ। ਉਸ ਦਾ ਐੱਚਡੀਐੱਫਸੀ ਬੈਂਕ 'ਚ ਖਾਤਾ ਹੈ ਤੇ ਉਹ 10 ਅਗਸਤ 2018 ਨੂੰ ਬਸਤੀ ਜੋਧੇਵਾਲ ਦੇ ਏਟੀਐੱਮ 'ਚੋਂ ਪੈਸੇ ਕੱਢਵਾਉਣ ਗਿਆ ਸੀ। ਇਸੇ ਦੌਰਾਨ ਕਿਸੇ ਨੌਸਰਬਾਜ਼ ਨੇ ਉਸ ਦਾ ਏਟੀਐੱਮ ਬਦਲ ਲਿਆ ਤੇ ਉਸ 'ਚੋਂ ਤਿੰਨ ਲੱਖ 26 ਹਜ਼ਾਰ ਰੁਪਏ ਕੱਢਵਾ ਲਏ। ਜਦੋਂ ਉਹ ਬੈਂਕ 'ਚ ਆਪਣਾ ਖਾਤਾ ਚੈੱਕ ਕਰਵਾਉਣ ਗਿਆ, ਤਾਂ ਉਸ ਨੂੰ ਇਸ ਸਬੰਧੀ ਪਤਾ ਲੱਗਿਆ। ਪੁਲਿਸ ਨੇ ਥਾਣਾ ਜੋਧੇਵਾਲ ਵਿਖੇ ਅਪਰਾਧਕ ਮਾਮਲਾ ਦਰਜ ਕਰ ਕੇ ਇਸ ਨੂੰ ਜਾਂਚ ਲਈ ਸਾਈਬਰ ਕਰਾਈਮ ਸੈੱਲ ਨੂੰ ਭੇਜ ਦਿੱਤਾ ਹੈ।