ਸੰਜੀਵ ਗੁਪਤਾ, ਜਗਰਾਓਂ : ਜਗਰਾਓਂ ਤੋਂ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ (Sarbjit Kaur Manuke) ਨੂੰ ਦੁੂਜੀ ਵਾਰ ਵੀ ਕੈਬਨਿਟ ’ਚ ਜਗ੍ਹਾ ਨਹੀਂ ਮਿਲੀ। ਮੀਡੀਆ ’ਚ ਚਾਹੇ ਅੱਜ ਦਿਨ ਭਰ ਉਨ੍ਹਾਂ ਦੇ ਕੈਬਨਿਟ ’ਚ ਸ਼ਾਮਲ ਹੋਣ ਦੇ ਚਰਚੇ ਜ਼ੋਰਾਂ ’ਤੇ ਸਨ ਪਰ ਉਨ੍ਹਾਂ ਨੂੰ ਸਵੇਰੇ ਹੀ ਇਸ ਵਾਰ ਵੀ ਮੰਤਰੀ ਮੰਡਲ ਵਿਚ ਜਗ੍ਹਾ ਨਾ ਦੇਣ ਦੀ ਸੂਹ ਲੱਗ ਗਈ ਸੀ। ਜਿਸ ਦੇ ਚੱਲਦਿਆਂ ਉਹ ਦਿਨ ਚਡ਼੍ਹਦਿਆਂ ਹੀ ਆਮ ਦਿਨਾਂ ਵਾਂਗ ਆਪਣੇ ਦਫ਼ਤਰ ’ਚ ਬੈਠੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਦੇਖੇ ਗਏ। ਹਾਲਾਂਕਿ ਆਮ ਆਦਮੀ ਪਾਰਟੀ ਪੰਜਾਬ ’ਚ ਬੇਹੱਦ ਸੀਨੀਅਰ ਮੰਨੇ ਜਾਂਦੇ ਵਿਧਾਇਕਾ ਮਾਣੂੰਕੇ ਚਾਹੇ ਚਾਹ ਕੇ ਵੀ ਪਾਰਟੀ ਪ੍ਰਤੀ ਗੁੱਸਾ ਜ਼ਾਹਿਰ ਨਹੀਂ ਕਰ ਸਕੇ ਪਰ ਉਹ ਇਸ ਵਾਰ ਮੰਤਰੀ ਮੰਡਲ ਵਿਚ ਸ਼ਾਮਲ ਕਰਨ ਦੀ ਪੂਰੀ ਆਸ ਵਿਚ ਸਨ ਤੇ ਇਸ ਵਾਰ ਵੀ ਪਹਿਲੀ ਵਾਰ ਵਾਂਗ ਹੀ ਪਾਰਟੀ ਵੱਲੋਂ ਉਨ੍ਹਾਂ ਨੂੰ ਪਿੱਛੇ ਛੱਡ ਦੇਣ ਦਾ ਮਲਾਲ ਉਨ੍ਹਾਂ ਦੇ ਚਿਹਰੇ ’ਤੇ ਸਾਫ਼ ਝਲਕ ਰਿਹਾ ਸੀ।

ਇਸ ਤੋਂ ਪਹਿਲਾਂ ਵੀ ਪਹਿਲੇ ਮੰਤਰੀ ਮੰਡਲ ਦੇ ਗਠਨ ਮੌਕੇ ਵਿਧਾਇਕਾ ਮਾਣੂੰਕੇ ਦਾ ਨਾਮ ਚੋਟੀ ’ਤੇ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਦਾ ਸਪੀਕਰ ਲਾਉਣ, ਫਿਰ ਉਪ ਸਪੀਕਰ ਲਾਉਣ ਦੀ ਚਰਚਾ ਜ਼ੋਰਾਂ ’ਤੇ ਸੀ। ਪਰ ਇਨ੍ਹਾਂ ਵਿਚੋਂ ਉਨ੍ਹਾਂ ਨੂੰ ਕੋਈ ਅਹੁਦਾ ਨਾ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਮੰਤਰੀ ਮੰਡਲ ਦੇ ਵਿਸਥਾਰ ਮੌਕੇ ਜਗ੍ਹਾ ਮਿਲਣ ਦੀ ਮਜ਼ਬੂਤ ਦਾਅਵੇਦਾਰੀ ਮੰਨੀ ਜਾ ਰਹੀ ਸੀ। ਜਿਸ ਦੇ ਚੱਲਦਿਆਂ ਮੀਡੀਆ ਵਿਚ ਵੀ ਉਨ੍ਹਾਂ ਦਾ ਨਾਮ ਪਹਿਲੇ ਮੰਤਰੀਆਂ ਵਿਚ ਲਿਆ ਜਾਂਦਾ ਸੀ। ਪਹਿਲੀ ਵਾਰ ਵਾਂਗ ਹੀ ਦੂਜੀ ਵਾਰ ਵੀ ਉਨ੍ਹਾਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਨਾ ਕੀਤਾ ਗਿਆ। ਇਸ ਦੇ ਪਿੱਛੇ ਕਈ ਤਰ੍ਹਾਂ ਦੇ ਚਰਚੇ ਜਗਰਾਓਂ ਵਿਚ ਹੀ ਨਹੀਂ ਪਾਰਟੀ ਹਾਈ ਕਮਾਨ ਤਕ ਛਿਡ਼ੇ ਹੋਏ ਹਨ। ਜਿਨ੍ਹਾਂ ਦਾ ਆਉਣ ਵਾਲੇ ਦਿਨਾਂ ਵਿਚ ਖ਼ੁਲਾਸਾ ਵੀ ਹੋ ਸਕਦਾ ਹੈ। ਫਿਲਹਾਲ ਵਿਧਾਇਕਾ ਚਾਹੇ ਨਾਰਾਜ਼ਗੀ ਨਹੀਂ ਜਿਤਾ ਰਹੇ ਪਰ ਉਹ ਇਸ ਵਾਰ ਨਾਰਾਜ਼ ਤੇ ਨਿਰਾਸ਼ ਹਨ।

ਕਾਂਗਰਸ ’ਚ ਸ਼ਾਮਲ ਹੋਣ ਦੇ ਚਰਚੇ ਬੈਠੇ ‘ਜਡ਼੍ਹੀਂ’

ਕਾਂਗਰਸ ਸਰਕਾਰ ਮੌਕੇ ਅਖੀਰਲੇ ਸਮੇਂ ’ਚ ਚੋਣਾਂ ਦੇ ਨੇਡ਼ੇ ਜਿਹੇ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਦੇ ਕਾਂਗਰਸ ਵਿਚ ਸ਼ਾਮਲ ਹੋਣ ਦੇ ਚਰਚਿਆਂ ਨੇ ਇਕ ਵਾਰ ਕਾਫ਼ੀ ਜੋਰ ਫਡ਼੍ਹਿਆ। ਇਸ ਦੌਰਾਨ ਉਹ ਕੁਝ ਦਿਨ ਇਕ ਤਰ੍ਹਾਂ ਆਗਿਆਤਵਾਸ ਵਿਚ ਵੀ ਰਹੇ। ਜਿਸ ਕਾਰਨ ਇਹ ਚਰਚੇ ਮੀਡੀਆ ਵਿਚ ਸੁਰਖੀਆਂ ਬਣੇ। ਹਾਲਾਂਕਿ ਉਨ੍ਹਾਂ ਨੇ ਕੁਝ ਸਮੇਂ ਬਾਅਦ ਮੀਡੀਆ ਵਿਚ ਹੀ ਇਨ੍ਹਾਂ ਚਰਚਿਆਂ ਦਾ ਜੰਮ ਕੇ ਵਿਰੋਧ ਕੀਤਾ ਤੇ ਅਜਿਹੀਆਂ ਖ਼ਬਰਾਂ ਛਾਪਣ ਵਾਲਿਆਂ ਨੂੰ ਕਾਨੂੰਨੀ ਨੋਟਿਸ ਵੀ ਭੇਜੇ। ਅੱਜ ਜਦੋਂ ਦੂਜੀ ਵਾਰ ਉਨ੍ਹਾਂ ਨੂੰ ਮੰਤਰੀ ਮੰਡਲ ’ਚ ਸ਼ਾਮਲ ਨਾ ਕੀਤਾ ਗਿਆ ਤਾਂ ਉਕਤ ਚਰਚਿਆਂ ਸਮੇਤ ਕਈ ਹੋਰ ਗੱਲਾਂ ਵੀ ਜਗਰਾਓਂ ਵਿਚ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ।

‘ਆਪ’ ਵਲੰਟੀਅਰਾਂ ਤੇ ਸਮਰਥਕਾਂ ਵਿਚ ਰੋਸ

ਜਗਰਾਓਂ ਤੋਂ ਵਿਧਾਇਕਾ ਮਾਣੂੰਕੇ ਨੂੰ ਕੈਬਨਿਟ ਵਿਚ ਮੁਡ਼ ਥਾਂ ਨਾ ਦੇਣ ’ਤੇ ਉਨ੍ਹਾਂ ਦੇ ਸਮਰਥਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਈਆਂ ਵੱਲੋਂ ਤਾਂ ਸੋਸ਼ਲ ਮੀਡੀਆ ’ਤੇ ਇਹ ਰੋਸ ਜਿਤਾਇਆ ਵੀ ਗਿਆ। ਉਨ੍ਹਾਂ ਦੇ ਨਜ਼ਦੀਕੀਆਂ ਤੇ ਵਲੰਟੀਅਰਾਂ ਦਾ ਕਹਿਣਾ ਹੈ ਕਿ ਵਿਧਾਇਕਾ ਮਾਣੂੰਕੇ ਨੂੰ ਇਸ ਵਾਰ ਨਹੀਂ ਬਲਕਿ ਪਹਿਲੀ ਕੈਬਨਿਟ ਵਿਚ ਹੀ ਕੈਬਨਿਟ ਮੰਤਰੀ ਬਣਾਉਣਾ ਚਾਹੀਦਾ ਸੀ, ਕਿਉਂਕਿ ਉਹ ਇਸ ਦੇ ਹੱਕਦਾਰ ਵੀ ਹਨ। ਉਨ੍ਹਾਂ ਦੀ ਪਾਰਟੀ ਪ੍ਰਤੀ ਵਫਾਦਾਰੀ, ਸੇਵਾ, ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ। ਇਸ ਦੇ ਬਾਵਜੂਦ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਗ਼ਲਤ ਹੈ।

ਮਾਣੂੰਕੇ ਨੂੰ ਮੰਤਰੀ ਮੰਡਲ ’ਚ ਸ਼ਾਮਲ ਨਾ ਕਰਨ ’ਤੇ ਬੋਲੇ ਸੀਐੱਮ

ਚੰਡੀਗਡ਼੍ਹ ਵਿਖੇ ਦੂਸਰੀ ਕੈਬਨਿਟ ਮੰਤਰੀ ਮੰਡਲ ਦੇ ਗਠਨ ਤੋਂ ਬਾਅਦ ਮੀਡੀਆ ਦੇ ਰੂਬਰੂ ਹੁੰਦਿਆਂ ਸੀਐੱਮ ਭਗਵੰਤ ਮਾਨ ਨੇ ਵਿਧਾਇਕਾ ਮਾਣੂੰਕੇ ਨੂੰ ਕੈਬਨਿਟ ਵਿਚ ਨਾ ਲੈਣ ਦੇ ਪੁੱਛੇ ਸਵਾਲ ’ਤੇ ਕਿਹਾ ਕਿ ਉਨ੍ਹਾਂ ਲਈ 92 ਦੇ 92 ਵਿਧਾਇਕ ਹੀਰੇ ਹਨ। ਭਵਿੱਖ ਵਿਚ ਇਨ੍ਹਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪਣਾ ਜਾਰੀ ਰਹੇਗਾ।

Posted By: Seema Anand