ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਖੇਤੀ ਬਿੱਲਾਂ ਖ਼ਿਲਾਫ਼ ਕਿਸਾਨਾਂ ਨੇ ਬੰਦ ਦੇ ਚੱਲ਼ਦਿਆਂ ਚੱਕਾ ਜਾਮ ਕੀਤਾ ਹੋਇਆ ਹੈ। ਸ਼ਹਿਰ ਨੂੰ ਆਉਣ ਵਾਲੇ ਰੱਸਤਿਆਂ 'ਤੇ ਕਿਸਾਨ ਧਰਨੇ ਲੱਗਾ ਕੇ ਬੈਠੇ ਹਨ। ਇਸ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਆਮ ਆਦਮੀ ਪਾਰਟੀ ਵੱਲੋਂ ਵੀ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਭਾਜਪਾ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੇਤੀ ਬਿੱਲਾਂ ਖ਼ਿਲਾਫ਼ ਅੱਜ ਰੋਸ ਮੁਜ਼ਾਹਰਿਆਂ ਦਾ ਸਿਲਸਿਲਾ ਜਾਰੀ ਰਿਹਾ। ਜਨਤਾ ਨਗਰ ਚੌਕ ਵਿਖੇ ਹਲਕਾ ਇੰਚਾਰਜ ਆਤਮ ਨਗਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਜ਼ੀਰੀਆਂ ਨੂੰ ਠੋਕਰ ਮਾਰ ਕੇ ਅੱਜ ਕਿਸਾਨ ਦੇ ਨਾਲ ਖੜ੍ਹਾ ਹੈ। ਇੰਡਸਟਰੀ ਦੀ ਵਿਸ਼ੇਸ਼ ਤੌਰ 'ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਖੁਸ਼ ਹੈ ਇੰਡਸਟਰੀ ਵੀ ਤਾਂਹੀਂ ਖੁਸ਼ ਹੋਵੇਗੀ, ਕਿਸਾਨ ਖੁਸ਼ ਹੋਵੇਗਾ ਤਾਂ ਹੀ ਮਸ਼ੀਨਾਂ ਖ਼ਰੀਦੇਗਾ ਤੇ ਕਾਰੋਬਾਰ ਵਧੇਗਾ। ਕੁਲਾਰ ਨੇ ਕਿਹਾ ਕਿ ਦੇਸ਼ ਦੇ ਅੰਨਦਾਤੇ ਨੂੰ ਅਜੇ ਸੜਕਾਂ 'ਤੇ ਉੱਤਰਨ ਲਈ ਮਜਬੂਰ ਹੋਣਾ ਪਿਆ ਹੈ। ਵਿਰੋਧੀ ਪਾਰਟੀਆਂ ਵੱਲੋਂ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਨੂੰ ਇੱਕ ਡਰਾਮਾ ਕਰਾਰ ਦੇਣ ਦੇ ਸਵਾਲ 'ਤੇ ਕੁਲਾਰ ਨੇ ਕਿਹਾ ਕਿ ਨਤੀਜ਼ਾ ਸਾਹਮਣੇ ਹੈ ਅਸਤੀਫ਼ਾ ਮਨਜ਼ੂਰ ਵੀ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਸਾਡਾ ਮੁੱਦਾ ਕੇਵਲ ਕਿਸਾਨ ਹਨ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ 'ਮੋਦੀ ਸਰਕਾਰ ਮੁਰਦਾਬਾਦ, ਕੇਂਦਰ ਸਰਕਾਰ ਮੁਰਦਾਬਾਦ' ਦੇ ਨਾਅਰੇ ਲਗਾ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ 'ਚ ਵੱਡੀ ਗਿਣਤੀ 'ਚ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।

ਬਾਜ਼ਾਰਾਂ 'ਚ ਦੁਕਾਨਾਂ ਖੁੱਲ੍ਹੀਆਂ, ਗਾਹਕ ਘੱਟ

ਕਿਸਾਨੀ ਲਹਿਰ ਕਾਰਨ ਬਾਜ਼ਾਰਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਇਸ ਦਾ ਅਸਰ ਸ਼ਹਿਰ ਦੇ ਕਈ ਵੱਡੇ ਬਜ਼ਾਰਾਂ 'ਚ ਨਹੀਂ ਵੇਖਿਆ ਗਿਆ। ਸ਼ਹਿਰ ਦੀਆਂ ਮੁੱਖ ਮਾਰਕੀਟ ਚੌੜਾ ਬਾਜ਼ਾਰਾ, ਸਰਾਫਾ ਬਾਜ਼ਾਰ, ਮਾਤਾ ਰਾਣੀ ਚੌਕ, ਸ਼ਾਲਾ ਬਾਜ਼ਾਰ, ਘੁਮਾਰ ਮੰਡੀ, ਮਾਲ ਰੋਡ, ਕਿਤਾਬ ਬਾਜ਼ਾਰ ਵਿੱਚ ਬਹੁਤੀਆਂ ਦੁਕਾਨਾਂ ਖੁੱਲੀਆਂ ਹਨ। ਬਾਜ਼ਾਰਾਂ ਵਿਚ ਭਾਵੇਂ ਦੁਕਾਨਾਂ ਖੁੱਲ੍ਹ ਗਈਆਂ ਹਨ, ਫਿਰ ਵੀ ਗਾਹਕਾਂ ਦੀ ਆਮਦ ਬਹੁਤ ਘੱਟ ਹੈ।

Posted By: Amita Verma