ਸੰਜੀਵ ਗੁਪਤਾ, ਜਗਰਾਓਂ

ਕੇਂਦਰ ਅਤੇ ਸੂਬਾ ਸਰਕਾਰ ਦੇ ਵੱਖ-ਵੱਖ ਲੋਕ ਵਿਰੋਧੀ ਫੈਸਲਿਆਂ, ਤੇਲ ਦੀਆਂ ਵੱਧ ਰਹੀਆਂ ਕੀਮਤਾਂ, ਕਾਮਿਆਂ ਦੀ 8 ਤੋਂ 12 ਘੰਟੇ ਡਿਊਟੀ ਦੇ ਫੈਸਲੇ ਤੋਂ ਖਫ਼ਾ ਮਜ਼ਦੂਰ, ਮੁਲਾਜ਼ਮ ਤੇ ਕਿਰਤੀ ਜੱਥੇਬੰਦੀਆਂ ਨੇ ਸੜਕਾਂ ਤੇ ਉਤਰਦਿਆਂ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਸਥਾਨਕ ਬੱਸ ਸਟੈਂਡ ਪਾਰਕ 'ਚ ਇਕੱਠੀਆਂ ਹੋਈਆਂ ਜੱਥੇਬੰਦੀਆਂ ਨੇ ਸਰਕਾਰਾਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਅੱਜ ਜਦੋਂ ਕੋਰੋਨਾ ਕਾਲ 'ਚ ਉਜੜੇ ਮਜ਼ਦੂਰਾਂ ਅਤੇ ਹਰ ਇਕ ਵਰਗ ਦਾ ਰੋਟੀ ਡੰਗ ਵੀ ਅੌਖਾ ਹੋ ਗਿਆ ਹੈ। ਅਜਿਹੇ 'ਚ ਕੇਂਦਰ ਤੇ ਸੂਬਾ ਸਰਕਾਰ ਆਪ ਮਰਜ਼ੀਆਂ ਕਰਦੀ ਹੋਈ ਲੋਕ ਵਿਰੋਧੀ ਫੈਸਲਿਆਂ 'ਤੇ ਫੈਸਲੇ ਕਰਦੀ ਜਾ ਰਹੀ ਹੈ। ਇਸ ਖਿਲਾਫ ਉੱਠਦੀ ਹਰ ਇਕ ਆਵਾਜ਼ ਨੂੰ ਦਬਾਉਣ ਲਈ ਸਰਕਾਰੀ ਤਾਕਤ ਦੀ ਗ਼ਲਤ ਵਰਤੋਂ ਕਰ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਨੂੰ ਇਨ੍ਹਾਂ ਫ਼ੈਸਲਿਆਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਕਿ ਨਹੀਂ ਤਾਂ 8 ਜੁਲਾਈ ਦੇ ਜ਼ਿਲ੍ਹਾ ਪੱਧਰੀ ਧਰਨਿਆਂ 'ਚ ਸਰਕਾਰ ਦਾ ਚਿਹਰਾ ਬੇਨਕਾਬ ਕੀਤਾ ਜਾਵੇਗਾ। ਇਸ ਮੌਕੇ ਗੁਰਦੀਪ ਸਿੰਘ ਮੋਤੀ, ਕੰਵਲਜੀਤ ਖੰਨਾ, ਅਵਤਾਰ ਸਿੰਘ ਰਸੂਲਪੁਰ, ਗੁਰਮੇਲ ਸਿੰਘ, ਇੰਦਰਜੀਤ ਸਿੰਘ ਧਾਲੀਵਾਲ, ਗੁਰਦੇਵ ਸਿੰਘ, ਮਹਿੰਦਰ ਸਿੰਘ, ਹੀਰਾ ਲਾਲ ਤੇ ਪਰਮਜੀਤ ਸਿੰਘ ਆਦਿ ਹਾਜ਼ਰ ਸਨ।