ਪਲਵਿੰਦਰ ਸਿੰਘ ਢੁਡੀਕੇ, ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੂੰ ਸੰਸਾਰ ਦੀਆਂ ਸਰਵੋਤਮ ਖੇਤੀ ਯੂਨੀਵਰਸਿਟੀਆਂ 'ਚ ਸ਼ਾਮਲ ਹੋਣ ਦਾ ਮਾਣ ਮਿਲਿਆ ਹੈ। ਇਹ ਜਾਣਕਾਰੀ ਯੂਐੱਸ ਨਿਊਜ਼ ਬੈਸਟ ਗਲੋਬਲ ਯੂਨੀਵਰਸਿਟੀਜ਼ ਰੈਂਕਿੰਗ 2020 ਅਨੁਸਾਰ ਸਾਹਮਣੇ ਆਈ ਹੈ। 192ਵੇਂ ਦਰਜੇ ਨਾਲ ਪੀਏਯੂ ਭਾਰਤ ਦੀ ਇਕੋ-ਇਕ ਖੇਤੀ ਯੂਨੀਵਰਸਿਟੀ ਹੈ ਜਿਸ ਨੂੰ ਇਸ ਸਰਵੇਖਣ 'ਚ ਸ਼ਾਮਲ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਇਹ ਸਰਵੇਖਣ 28 ਪ੍ਰਮੁੱਖ ਅਕਾਦਮਿਕ ਖੇਤਰਾਂ ਲਈ ਕੀਤੇ ਜਾਂਦੇ ਹਨ, ਜਿਸ ਲਈ ਵੈੱਬ ਆਫ ਸਾਇੰਸ ਦੇ ਪੰਜ ਸਾਲ ਦੇ ਅੰਕੜਿਆਂ ਨੂੰ ਆਧਾਰ ਬਣਾਇਆ ਜਾਂਦਾ ਹੈ। ਇਸ ਸਰਵੇਖਣ ਲਈ ਵੀ ਵੈੱਬ ਆਫ ਸਾਇੰਸ ਦੇ 2013-2017 ਅੰਕੜਿਆਂ ਨੂੰ ਆਧਾਰ ਬਣਾ ਕੇ ਸੰਸਾਰ ਦੀਆਂ ਯੂਨੀਵਰਸਿਟੀਆਂ ਦੀ ਦਰਜਾਬੰਦੀ ਕੀਤੀ ਗਈ ਹੈ। ਇਹ ਵੀ ਧਿਆਨਯੋਗ ਹੈ ਕਿ ਵੈੱਬ ਆਫ ਸਾਇੰਸ ਵੈੱਬਸਾਈਟ ਆਧਾਰਿਤ ਖੋਜ ਦਾ ਮੰਚ ਹੈ। ਜੋ ਪੂਰੀ ਦੁਨੀਆ ਵਿਚ ਵਿਗਿਆਨ ਤੇ ਸਮਾਜਿਕ ਵਿਗਿਆਨਾਂ, ਆਰਟਸ ਤੇ ਹਿਊਮੈਨਟੀਜ਼ ਦੇ ਖੇਤਰ 'ਚ ਸਭ ਤੋਂ ਵਧੇਰੇ ਪ੍ਰਭਾਵੀ ਤੇ ਨਾਮਵਰ 18 ਹਜ਼ਾਰ ਤੋਂ ਵਧੇਰੇ ਖੋਜ ਪੱਤਰਾਂ 'ਤੇ ਆਪਣੀ ਟੇਕ ਰੱਖਦਾ ਹੈ। ਇਸ ਤਰ੍ਹਾਂ ਇਨ੍ਹਾਂ ਸਾਰੇ ਪੱਤਰਾਂ ਤੋਂ ਆਉਣ ਵਾਲੇ ਅੰਕੜਿਆਂ ਦੀ ਤਾਜ਼ਾ ਜਾਣਕਾਰੀ ਨੂੰ ਸਰਵੇਖਣ ਹਿਤ ਵਰਤਿਆ ਗਿਆ ਹੈ। 2020 ਦੀ ਦਰਜਾਬੰਦੀ ਲਈ 2 ਜੂਨ 2019 ਤਕ ਦੀ ਜਾਣਕਾਰੀ ਨੂੰ ਆਧਾਰ ਬਣਾਇਆ ਗਿਆ ਹੈ। ਖੇਤੀ ਖੇਤਰ ਦੀ ਦਰਜਾਬੰਦੀ ਲਈ ਇਸ ਪੱਖ ਨਾਲ ਸਬੰਧਤ ਵਿਸ਼ਿਆਂ ਦਾ ਵਿਸਥਾਰ ਧਿਆਨ 'ਚ ਰੱਖਿਆ ਗਿਆ ਹੈ ਕਿ ਕਿਵੇਂ ਮਨੁੱਖਾਂ ਨੇ ਆਪਣੇ ਹਿੱਤਾਂ ਲਈ ਕੁਦਰਤੀ ਸਰੋਤਾਂ ਦੀ ਵਰਤੋਂ ਤੇ ਵਿਕਾਸ ਕੀਤਾ ਹੈ। ਬਾਗਬਾਨੀ, ਭੋਜਨ ਵਿਗਿਆਨ, ਪੋਸ਼ਕਤਾ, ਡੇਅਰੀ ਵਿਗਿਆਨ ਤੇ ਫਸਲ ਵਿਗਿਆਨ ਵਰਗੇ ਵਿਸ਼ੇ ਇਸ ਖੇਤਰ 'ਚ ਸ਼ਾਮਲ ਕੀਤੇ ਜਾਂਦੇ ਹਨ। ਖੇਤੀ ਖੇਤਰ ਵਿਚ ਵਿਸ਼ਵ ਦੀਆਂ ਸਰਵੋਤਮ ਯੂਨੀਵਰਸਿਟੀਆਂ ਦੀ ਚੋਣ ਸਮੇਂ ਉਨ੍ਹਾਂ ਦੇ ਖੇਤਰ ਵਿਚ ਖੋਜ ਤੇ ਵੱਕਾਰ ਨੂੰ ਧਿਆਨ ਵਿਚ ਰੱਖਿਆ ਜਾਂਦਾ ਹੈ।

ਪੀਏਯੂ ਦੇ ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ. ਗੁਰਿੰਦਰ ਕੌਰ ਸਾਂਘਾਂ ਨੇ ਦੱਸਿਆ ਕਿ ਬਰਤਾਨੀਆ ਦੀ ਆਕਸਫੋਰਡ ਅਕਾਦਮਿਕ ਯੂਨੀਅਨ ਵੀ ਵਿਗਿਆਨ ਤੇ ਅਕਾਦਮਿਕ ਖੇਤਰ ਵਿਚ ਸ਼ਾਨਦਾਰ ਕਾਰਗੁਜ਼ਾਰੀ ਲਈ ਦਰਜਾਬੰਦੀ ਕਰਦੀ ਹੈ। 2020 ਲਈ ਹੋ ਰਹੀ ਅਜਿਹੀ ਦਰਜਾਬੰਦੀ ਲਈ ਵੀ ਪੀਏਯੂ ਨੂੰ ਪਹਿਲੀਆਂ 100 ਸੰਸਥਾਵਾਂ ਵਿਚ ਨਾਮਜ਼ਦ ਹੋਣ ਦਾ ਮਾਣ ਮਿਲਿਆ ਹੈ।ਪੀਏਯੂ ਦੇ ਵਾਈਸ ਚਾਂਂਸਲਰ ਡਾ. ਬਲਦੇਵ ਸਿੰਘ ਿਢੱਲੋਂ ਪਦਮਸ਼੍ਰੀ ਐਵਾਰਡੀ ਨੇ ਇਸ ਪ੍ਰਰਾਪਤੀ ਲਈ ਆਪਣੀ ਖੁਸ਼ੀ ਅਤੇ ਮਾਣ ਦਾ ਇਜ਼ਹਾਰ ਕਰਦਿਆਂ ਸਮੁੱਚੇ ਅਮਲੇ ਤੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਰਮਚਾਰੀਆਂ ਨੂੰ ਕਿਹਾ ਕਿ ਭਵਿੱਖ ਵਿਚ ਹੋਰ ਹੌਸਲੇ ਤੇ ਸਮਰਪਣ ਨਾਲ ਮਿਹਨਤ ਲਈ ਤਿਆਰ ਰਹਿਣ ਤਾਂ ਜੋ ਖੇਤੀ ਖੇਤਰ ਵਿਚ ਪੀਏਯੂ ਨੂੰ ਹੋਰ ਬੁਲੰਦੀਆਂ ਉੱਪਰ ਲਿਜਾਇਆ ਜਾ ਸਕੇ।