ਭੁਪਿੰਦਰ ਸਿੰਘ ਬਸਰਾ,ਲੁਧਿਆਣਾ : ਪੰਜਾਬ ਰੋਡਵੇਜ਼ ਪਨਬੱਸ / ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਕੱਚੇ ਮੁਲਾਜ਼ਮਾਂ ਨਾਲ ਗੁਲਾਮਾਂ ਵਾਂਗ ਵਰਤਾਅ ਕਰਨ 'ਤੇ ਕੱਚੇ ਮੁਲਾਜ਼ਮਾਂ ਲਈ ਤਾਨਾਸ਼ਾਹੀ ਰਵੱਈਆਂ ਅਪਣਾਉਣ ਤੋਂ ਤੰਗ ਆ ਕੇ ਦੁਪਹਿਰ 12 ਵਜੇ ਤੋਂ ਸਾਰੇ ਸੂਬੇ ਦੇ ਪੰਜਾਬ ਰੋਡਵੇਜ ਦੇ ਡਿੱਪੂ ਬੰਦ ਕਰ ਕੇ ਮੈਨੇਜਮੈਂਟ ਪ੍ਰਤੀ ਰੋਸ ਪ੍ਰਗਟ ਕੀਤਾ ਗਿਆ। ਲੁਧਿਆਣਾ ਡਿੱਪੂ ਦੇ ਗੇਟ 'ਤੇ ਬੋਲਦਿਆਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀ ਭਾਰਤ ਦੇ ਸੰਵਿਧਾਨ ਤੋਂ ਉਲਟ ਜਾ ਕੇ ਕੱਚੇ ਮੁਲਾਜ਼ਮਾਂ ਨਾਲ ਤਾਨਾਸ਼ਾਹੀ ਰਵੱਈਆਂ ਅਪਣਾ ਕੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੇ ਹਨ। ਕੱਚੇ ਮੁਲਾਜ਼ਮ , ਜੋ ਕਿ ਲੰਬੇ ਰੂਟਾਂ ਤੇ ਬੱਸਾਂ 'ਚ ਪੰਜਾਬ ਦੀ ਜਨਤਾ ਨੂੰ ਸਫਰ ਸਹੂਲਤ ਪ੍ਰਦਾਨ ਕਰਦੇ ਹਨ। ਉਨ੍ਹਾਂ ਦਾ ਰੋਟੀ ਪਾਣੀ ਤਕ ਰਸਤੇ 'ਚ ਜਬਰੀ ਬੰਦ ਕਰਵਾਇਆ ਜਾ ਰਿਹਾ ਹੈ ਤੇ ਜੇਕਰ ਕੋਈ ਮੁਲਾਜ਼ਮ ਕਿਸੇ ਵੀ ਢਾਬੇ ਤੇ ਰਾਸਤੇ 'ਚ ਕਿਸੇ ਸਵਾਰੀ ਨੂੰ ਮੁਸ਼ਕਿਲ ਆਉਣ 'ਤੇ ਬੱਸ ਰੋਕਦਾ ਹੈ ਤਾਂ ਉਸ ਦੀ ਨਾਜਾਇਜ਼ ਰਿਪੋਰਟ ਕਰ ਕੇ ਉਸ ਨੂੰ ਡਿਊਟੀ ਤੋਂ ਬਗੈਰ ਸੁਣਵਾਈ ਫ਼ਾਰਗ ਕਰ ਦਿੱਤਾ ਜਾਂਦਾ ਹੈ। ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਸੁਪਨੇ ਵਿਖਾ ਕੇ ਬਣੀ ਆਮ ਆਦਮੀ ਦੀ ਸਰਕਾਰ 'ਚ ਅਫਸਰਸ਼ਾਹੀ ਬੇਲਗਾਮ ਹੋਈ ਪ੍ਰਤੀਤ ਹੁੰਦੀ ਹੈ। ਲੋਕਤੰਤਰੀ ਦੇਸ਼ ਹੋਣ ਦੇ ਬਾਵਜੂਦ ਟਰਾਂਸਪੋਰਟ ਡਾਇਰੈਕਟਰ ਵੱਲੋਂ ਤਾਨਾਸ਼ਾਹੀ ਤਰੀਕੇ ਨਾਲ ਟਰਾਂਸਪੋਰਟ ਵਿਭਾਗ ਦਾ ਕੰਮ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਅਦਾਰੇ ਦੀ ਪੂਰੀ ਜਾਣਕਾਰੀ ਨਾ ਹੋਣ ਕਾਰਨ ਰੈਗੂਲਰ ਜਥੇਬੰਦੀਆਂ ਦੀਆਂ ਗੱਲਾਂ 'ਚ ਆ ਕੇ ਮੋਗੇ ਡਿੱਪੂ ਦਾ ਰੋਟਾ ਜੋ ਕਿ ਡਿੱਪ ਜਨਰਲ ਮੈਨੇਜਰ ਦਾ ਅਧਿਕਾਰ ਖੇਤਰ ਹੁੰਦਾ ਹੈ , ਉਹ ਟਰਾਂਸਪੋਰਟ ਡਾਇਰੈਕਟਰ ਮੈਡਮ ਵੱਲੋਂ ਮੱੁਖ ਦਫਤਰ 'ਚ ਰੈਗੂਲਰ ਜਥੇਬੰਦੀਆਂ ਦੇ ਲੀਡਰਾਂ ਕੋਲੋਂ ਨਿਯਮਾਂ ਨੂੰ ਿਛੱਕੇ ਟੰਗ ਕੇ ਤਿਆਰ ਕਰਵਾ ਕੇ ਕੱਚੇ ਮੁਲਾਜ਼ਮਾਂ ਦੀ ਬਿਨਾਂ ਮਜਬੂਰੀ ਸਮਝੇ ਜਬਰੀ ਡਿਊਟੀ ਕਰਵਾਈ ਜਾ ਰਹੀ ਹੈ। ਇਸ ਦੇ ਉਲਟ ਰੈਗੂਲਰ ਕਰਮਚਾਰੀਆਂ ਨੂੰ ਮੋਟੀਆਂ ਤਨਖ਼ਾਹਾਂ ਹੋਣ ਦੇ ਬਾਵਜੂਦ ਡਿੱਪੂਆਂ 'ਚ ਬਿਠਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਕੱਚੇ ਮੁਲਾਜ਼ਮਾਂ ਪਨਬੱਸ ਤੇ ਪੀਆਰਟੀਸੀ 'ਚ ਪਿਛਲੇ 15 ਸਾਲਾਂ ਤੋਂ ਸੇਵਾ ਨਿਭਾ ਰਹੇ ਹਨ ,ਪਰੰਤੂ ਇੰਨਾਂ ਸਮਾ ਨਿਕਲਣ ਦੇ ਬਾਵਜੂਦ ਅਧਿਕਾਰੀਆਂ ਵੱਲੋਂ ਕੱਚੇ ਮੁਲਾਜ਼ਮਾਂ ਦਾ ਸ਼ੋਸ਼ਣ ਕਰਨ ਲਈ ਤੇ ਪਨਬੱਸ 'ਚ ਚੋਰ ਮੋਰੀਓਂ ਸਕੈਂਡਲ ਤੇ ਘਪਲੇ ਕਰਨ ਲਈ ਪਨਬੱਸ ਦੇ ਕੋਈ ਵੀ ਸਰਵਿਸ ਰੂਲ ਤਕ ਨਹੀਂ ਬਣਾਏ । ਇਸ ਤੋਂ ਇਲਾਵਾ ਨਾਂ ਹੀ ਕਿਸੇ ਮੁਲਾਜ਼ਮ ਨੂੰ ਪੱਕਾ ਕਰਨ ਲਈ ਜਾਂ ਕੋਈ ਤਰੱਕੀ ਦੇਣ ਲਈ ਨਿਯਮ ਬਣਾਏ ਹਨ। ਇੱਥੋਂ ਤਕ ਕਿ ਪਨਬੱਸ ਮੁਲਾਜ਼ਮਾਂ ਨੂੰ ਉਨ੍ਹਾਂ ਤੋਂ ਵੀ ਬਾਅਦ 'ਚ ਪੰਜਾਬ ਰੋਡਵੇਜ 'ਚ ਭਰਤੀ ਹੋਏ ਮੁਲਾਜ਼ਮਾਂ ਅਧੀਨ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਡਿੱਪੂ ਪ੍ਰਧਾਨ ਸਤਨਾਮ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਨੇਜਮੈਂਟ ਤੇ ਤਾਨਾਸ਼ਾਹੀ ਰਵੱਈਏ ਦੀ ਉਸ ਸਮੇਂ ਹੱਦ ਪਾਰ ਹੋ ਗਈ ਜਦੋਂ ਚੰਡੀਗੜ੍ਹ ਡਿੱਪੂ ਦੇ ਇਕ ਕੰਡਕਟਰ ਦੀ ਸਵਾਰੀ ਕੋਲ ਖੜੇ੍ਹ ਦੀ ਫੋਟੋ ਖਿੱਚ ਕੇ ਫੋਟੋ ਦੇ ਆਧਾਰ 'ਤੇ ਹੀ ਉਸ 'ਤੇ ਨਿੱਜੀ ਬੱਸ ਵਾਲੇ ਤੋਂ ਪੈਸੇ ਲੈਣ ਦਾ ਇਲਜਾਮ ਲਾ ਕੇ ਨੌਕਰੀ ਤੋ ਹਟਾ ਦਿੱਤਾ ਗਿਆ। ਜਥੇਬੰਦੀ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਵਾਉਣ ਲਈ ਤੇ ਬੇਰੁਜ਼ਗਾਰੀ ਦਾ ਸੰਤਾਪ ਭੁਗਤ ਰਹੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਪਨਬੱਸ 'ਚ ਆਊਟਸੋਰਸ ਦੇ ਆਧਾਰ 'ਤੇ ਕੱਢੀਆਂ 1337 ਪੋਸਟਾਂ ਨੂੰ ਰੱਦ ਕਰ ਕੇ ਰੈਗੂਲਰ ਭਰਤੀ ਪਨਬੱਸ 'ਚ ਸਰਵਿਸ ਰੂਲ ਬਣਾ ਕੇ ਕਰਨ ਲਈ ਸੰਘਰਸ਼ ਦੇ ਰਾਹ 'ਤੇ ਚੱਲੀ ਸੀ। ਜਿਸ ਤਹਿਤ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਵੀ ਜਥੇਬੰਦੀ ਦੀ ਹੋਈ ਪਰ ਅਫਸਰਸ਼ਾਹੀ ਜਥੇਬੰਦੀ ਦੇ ਸਾਫ-ਸੁਥਰੇ ਸੰਘਰਸ਼ ਨੂੰ ਹੋਰ ਦਿਸ਼ਾ 'ਚ ਲੈ ਕੇ ਜਾਣ ਲਈ ਮੁਲਾਜ਼ਮਾਂ ਦੇ ਸ਼ੋਸ਼ਣ ਨੂੰ ਤੇਜ਼ ਕਰ ਕੇ ਤਾਨਾਸ਼ਾਹੀ ਰਵੱਈਆਂ ਅਪਣਾ ਰਹੀ ਹੈ ਤਾਂ ਜੋ ਜਥੇਬੰਦੀ ਦੀ ਆਵਾਜ਼ ਨੂੰ ਦਬਾਇਆ ਜਾ ਸਕੇ। ਇਸ ਮੌਕੇ ਸਿਕੰਦਰ ਸਿੰਘ, ਪ੍ਰਵੀਨ ਕੁਮਾਰ, ਗੁਰਪ੍ਰਰੀਤ ਸਿੰਘ, ਰਾਜਵਿੰਦਰ ਸਿੰਘ, ਬਲਕਾਰ ਸਿੰਘ, ਸੁਖਵਿੰਦਰ ਸਿੰਘ ਬੱਬੂ ਆਗੂਆਂ ਵੱਲੋਂ ਐਲਾਨ ਕੀਤਾ ਗਿਆ ਕਿ ਜੇਕਰ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਡਿਊਟੀ 'ਤੇ ਨਾ ਲਿਆ ਗਿਆ ਤੇ ਮੋਗੇ ਡਿੱਪੂ ਦਾ ਰੋਟਾ ਵਾਪਸ ਮੋਗੇ ਨਾ ਭੇਜਿਆ ਗਿਆ ਤੇ ਢਾਬਿਆਂ ਸਬੰਧੀ ਕੱਢੇ ਹੁਕਮ ਵਾਪਸ ਨਾ ਲਏ ਗਏ ਤਾਂ ਪਨਬੱਸ ਦੇ ਨਾਲ-ਨਾਲ ਪੀਆਰਟੀਸੀ ਦੇ ਡਿੱਪੂ ਵੀ ਬੰਦ ਕੀਤੇ ਜਾਣਗੇ ਤੇ ਟਰਾਂਸਪੋਰਟ ਵਿਭਾਗ ਦੇ ਮੁੱਖ ਦਫਤਰ ਦਾ ਿਘਰਾਓ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਡਾਇਰੈਕਟਰ ਸਟੇਟ ਟਰਾਂਸਪੋਰਟ ਦੀ ਹੋਵੇਗੀ।