ਸੰਜੀਵ ਗੁਪਤਾ, ਜਗਰਾਓਂ

ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿਚ ਕਿਸਾਨਾਂ ਦੇ ਨਾਲ ਭਾਜਪਾ ਨੂੰ ਛੱਡ ਹਰ ਇੱਕ ਵਰਗ ਨੇ ਜੀਅ-ਜਾਨ ਨਾਲ ਸਾਥ ਦਿੱਤਾ। ਸ਼ੁਕਰਵਾਰ ਨੂੰ ਪੰਜਾਬ ਬੰਦ ਦੌਰਾਨ ਚਾਹੇ ਕਈ ਵਰਗ ਧਰਨੇ, ਮੁਜਾਹਰਿਆਂ 'ਚ ਸ਼ਾਮਲ ਨਹੀਂ ਹੋਏ ਪਰ ਉਨ੍ਹਾਂ ਆਪਣੇ ਮੁਕੰਮਲ ਕਾਰੋਬਾਰ ਅਤੇ ਸੜਕੀ ਆਵਾਜਾਈ ਠੱਪ ਰੱਖਦਿਆਂ ਕਿਸਾਨਾਂ ਦੇ ਹੱਕ 'ਚ ਹਾਂ ਦਾ ਨਾਅਰਾ ਮਾਰਿਆ। ਜਗਰਾਓਂ 'ਚ ਅੱਜ ਜਿੱਥੇ ਹਰ ਇੱਕ ਵਪਾਰ ਨਾਲ ਜੁੜੀਆਂ ਦੁਕਾਨਾਂ ਬੰਦ ਸਨ, ਉਥੇ ਸੜਕਾਂ ਸੁੰਨਸਾਨ ਪਈਆਂ ਸਨ। ਅਜਿਹੇ ਵਿਚ ਬੰਦ ਦੀ ਸਫਲਤਾ 'ਤੇ ਕਿਸਾਨਾਂ ਨੇ ਵੀ ਉਨ੍ਹਾਂ ਰਾਜਨੀਤਿਕਾਂ ਨੂੰ ਜੋ ਇਸ ਬਿੱਲ ਦੇ ਹੱਕ ਵਿਚ ਹਨ, ਨੂੰ ਇਸ ਨਾਅਰੇ 'ਜੋ ਕਿਸਾਨਾਂ ਨਾਲ ਨਾ ਖੜ੍ਹੇ, ਉਹ ਪਿੰਡ ਨਾ ਵੜੇ' ਰਾਹੀਂ ਸਾਫ ਚਿਤਾਵਨੀ ਦੇ ਦਿੱਤੀ ਹੈ ਕਿ ਭਵਿੱਖ ਵਿਚ ਉਹ ਉਨ੍ਹਾਂ ਤੋਂ ਉਨ੍ਹਾਂ ਦੇ ਇਲਾਕੇ ਵਿਚ ਕਿਧਰੇ ਵੋਟ ਮੰਗਣ ਨਾ ਆ ਵੜਨ।

----

ਸੰਤਾਂ ਨੇ ਸੰਘਰਸ਼ੀ ਸੰਗਤ ਨੂੰ ਛਕਾਏ ਲੰਗਰ

ਅੱਜ ਦੇ ਧਰਨਿਆਂ ਵਿਚ ਨਾਨਕਸਰ ਸੰਪਰਦਾਇ ਤੋਂ ਇਲਾਵਾ ਪਿੰਡਾਂ ਦੇ ਲੋਕਾਂ ਨੇ ਸੰਘਰਸ਼ੀ ਸੰਗਤਾਂ ਨੂੰ ਦਿਨ ਭਰ ਲੰਗਰ ਛਕਾਏ। ਨਾਨਕਸਰ ਸੰਪਰਦਾਇ ਦੇ ਸੰਤ ਬਾਬਾ ਘਾਲਾ ਸਿੰਘ, ਸੰਤ ਬਾਬਾ ਲੱਖਾ ਸਿੰਘ, ਸੰਤ ਬਾਬਾ ਗੁਰਚਰਨ ਸਿੰਘ ਜੀ ਦੀ ਸਰਪ੍ਰਸਤੀ ਹੇਠ ਉਨ੍ਹਾਂ ਦੇ ਸੇਵਾਦਾਰਾਂ ਵੱਲੋਂ ਇਨ੍ਹਾਂ ਧਰਨਿਆਂ ਦੀ ਹਮਾਇਤ ਕਰਦਿਆਂ ਪ੍ਰਸ਼ਾਦੇ ਅਤੇ ਹੋਰ ਵਸਤਾਂ ਲੈ ਕੇ ਪੁੱਜੇ।

---

ਯੂਥ ਨੇ ਵੀ ਕੀਤੀ ਸ਼ਮੂਲੀਅਤ

ਕਿਸਾਨ ਯੂਨੀਅਨਾਂ ਦੇ ਸਾਂਝੇ ਸੰਘਰਸ਼ ਵਿਚ ਅੱਜ ਯੂਥ ਦੀ ਵੱਡੀ ਸ਼ਮੂਲੀਅਤ ਵੀ ਕਾਬਲੇ ਤਾਰੀਫ ਸੀ। ਯੂਥ ਨੇ ਗੰਭੀਰਤਾ ਨਾਲ ਇਨ੍ਹਾਂ ਧਰਨਿਆਂ ਵਿਚ ਟਰੈਕਟਰਾਂ 'ਤੇ ਕਿਸਾਨ ਵਿਰੋਧੀ ਆਰਡੀਨੈਂਸਾਂ 'ਤੇ ਬਣੇ ਪੰਜਾਬੀ ਗੀਤ ਗੁਣਗੁਣਾਉਂਦਿਆਂ ਸ਼ਮੂਲੀਅਤ ਕੀਤੀ ਤਾਂ ਧਰਨਿਆਂ ਵਿਚ ਜੋਸ਼ ਭਰ ਗਿਆ।

------

ਭਾਰੀ ਭਰਕਮ ਪੁਲਿਸ ਫੋਰਸ ਵੀ ਹੋਈ ਪਸੀਨੋ-ਪਸੀਨੀ

ਸ਼ੁਕਰਵਾਰ ਹਾੜੇ ਦੀ ਗਰਮੀ ਅਤੇ ਤਿੱਖੀ ਧੁੱਪ ਵਿਚ ਕਿਸਾਨਾਂ ਦੇ ਧਰਨਿਆਂ 'ਤੇ ਸੁਰੱਖਿਆ ਨੂੰ ਲੈ ਕੇ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਭਾਰੀ ਭਰਕਮ ਪੁਲਿਸ ਫੋਰਸ ਵੀ ਸੜਕਾਂ 'ਤੇ ਰਹੀ। ਪੁਲਿਸ ਵੱਲੋਂ ਬਕਾਇਦਾ ਹਰ ਇੱਕ ਧਰਨੇ 'ਤੇ ਜਿੱਥੇ ਪੁਲਿਸ ਫੋਰਸ ਤੈਨਾਤ ਕੀਤੀ ਗਈ, ਉਥੇ ਸੰਭਾਵੀ ਧਰਨਿਆਂ ਵਾਲੀ ਥਾਵਾਂ ਤੋਂ ਟੈ੍ਫਿਕ ਡਾਇਵਰਸ਼ਨ ਨੂੰ ਲੈ ਕੇ ਬਕਾਇਦਾ ਪਹਿਲਾਂ ਹੀ ਪਲੈਨ ਬਣਾ ਰੱਖਿਆ ਸੀ।