ਸਟਾਫ ਰਿਪੋਰਟਰ, ਖੰਨਾ : ਪੰਜਾਬ ਸਰਕਾਰ ਵੱਲੋਂ ਪ੍ਰਰਾਪਰਟੀ ਦੀ ਖ਼ਰੀਦ 'ਤੇ ਐੱਨਓਸੀ ਦੀ ਸ਼ਰਤ ਖ਼ਿਲਾਫ਼ ਪ੍ਰਰਾਪਰਟੀ ਡੀਲਰਜ਼ ਐਂਡ ਐਡਵਾਈਜਰਜ਼ ਐਸੋਸੀਏਸ਼ਨ ਵੱਲੋਂ ਐੱਸਡੀਐੱਮ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ। ਜਿਸ 'ਚ ਵਸੀਕਾ ਨਵੀਸ, ਅਸ਼ਟਾਮ ਫਰੋਸ਼, ਨੰਬਰਦਾਰ ਤੇ ਟਾਈਪਿਸਟਾਂ ਨੇ ਸਰਕਾਰ ਦੇ ਇਸ ਫ਼ੈਸਲੇ ਦਾ ਜ਼ੋਰਦਾਰ ਵਿਰੋਧ ਕੀਤਾ। ਉਨ੍ਹਾਂ ਹਲਕਾ ਵਿਧਾਇਕ ਤਰੁਨਪ੍ਰਰੀਤ ਸਿੰਘ ਸੋਂਦ ਤੇ ਐੱਸਡੀਐੱਮ ਖੰਨਾ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਵੀ ਸੌਂਪਿਆ।

ਮੌਕੇ 'ਤੇ ਮੌਜੂਦ ਲੋਕਾਂ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਸ਼ਹਿਰ ਦੇ ਆਸ-ਪਾਸ ਪਏ ਪੁਰਾਣੇ ਮਕਾਨਾਂ, ਪਲਾਟਾਂ ਤੇ ਜਾਇਦਾਦਾਂ ਦੀ ਖ਼ਰੀਦੋ-ਫਰੋਖ਼ਤ ਲਈ ਨਗਰ ਕੌਂਸਲ ਅਧਿਕਾਰੀ ਵੱਲੋਂ ਐੱਨਓਸੀ ਤੇ ਐੱਨਡੀਸੀ ਨਾ ਮਿਲਣ ਕਾਰਨ ਦਿੱਕਤਾਂ ਆ ਰਹੀਆਂ ਹਨ। ਇਸ ਦੇ ਨਾਲ ਹੀ ਖੰਨਾ ਸ਼ਹਿਰ ਦੀ ਹੱਦ ਨਾਲ ਲੱਗਦੇ ਪਿੰਡਾਂ ਦੇ ਖੇਤਰ ਦੀ ਰਜਿਸਟਰੀ ਦਰਜਾਬੰਦੀ ਕਰਵਾਉਣ ਲਈ ਪੁੱਡਾ, ਟਾਊਨ ਪਲਾਨਿੰਗ ਅਫਸਰ, ਲੁਧਿਆਣਾ ਤੋਂ ਐੱਨਓਸੀ ਮੰਗੀ ਜਾ ਰਹੀ ਹੈ। ਜਿਸ ਕਾਰਨ ਆਮ ਜਨਤਾ ਨੂੰ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸ਼ਹਿਰ 'ਚ ਸੰਘਣੀ ਆਬਾਦੀ ਵਾਲੇ ਪੁਰਾਣੇ ਖੇਤਰ ਲਈ ਐੱਨਓਸੀ ਦੀ ਲੋੜ ਨਹੀਂ ਹੈ ਪਰ ਉਨ੍ਹਾਂ ਤੋਂ ਵੀ ਐੱਨਓਸੀ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਕਾਰਨ ਉਕਤ ਜਾਇਦਾਦ ਦੀ ਖ਼ਰੀਦੋ-ਫਰੋਖ਼ਤ 'ਚ ਕਾਫੀ ਦਿੱਕਤ ਆ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਆਮ ਜਨਤਾ ਦੇ ਹਿੱਤਾਂ ਨੂੰ ਧਿਆਨ 'ਚ ਰੱਖਦਿਆਂ ਸਰਕਾਰ ਵੱਲੋਂ ਐੱਨਓਸੀ ਜਾਂ ਐੱਨਡੀਸੀ ਜਾਰੀ ਕਰਨ ਲਈ ਫ਼ੀਸ ਨਿਰਧਾਰਤ ਕਰ ਕੇ ਨਗਰ ਕੌਂਸਲ ਖੰਨਾ ਦੇ ਅਧਿਕਾਰੀ ਨੂੰ ਐੱਨਓਸੀ ਜਾਰੀ ਕਰਨ ਦੇ ਹੁਕਮ ਦਿੱਤੇ ਜਾਣ।

ਇਸ ਮੌਕੇ ਪ੍ਰਧਾਨ ਅਰਵਿੰਦਰ ਸਿੰਘ ਟੀਟੂ, ਭੁਪਿੰਦਰ ਸਿੰਘ ਸਰਾਂ, ਰਜਿੰਦਰ ਨਰੂਲਾ, ਹਰਨਾਮ ਸਿੰਘ, ਹਰੀਸ਼ ਧਵਨ, ਅਮਰਜੀਤ ਮਸ਼ਾਲ, ਦਵਿੰਦਰ ਸਿੰਘ ਕਾਕਾ। ਕਿਰਪਾਲ ਸਿੰਘ, ਸੋਨੂੰ ਮਠਾੜੂ, ਵਿੱਕੀ ਸ਼ਰਮਾ, ਗੋਪਾਲ ਕ੍ਰਿਸ਼ਨ, ਸ਼ੌਕਤ ਅਲੀ, ਪਵਨ ਸ਼ਰਮਾ ਦੇ ਨਾਲ ਵਸੀਕਾ ਨਵੀਸ ਸੁਭਾਸ਼ ਮੋਦੀ, ਰਮੇਸ਼ ਮੋਦੀ, ਬਿੱਟੂ ਮੋਦੀ, ਡਾ. ਕਾਕਾ ਮਸਤਾਨ, ਰਵਿੰਦਰ ਕੁਮਾਰ, ਪਿ੍ਰਤਪਾਲ ਸਿੰਘ, ਹਰਮਨਜੀਤ ਕੌਰ, ਸ਼ੰਕਰ, ਵਿਕਾਸ ਬਖਸ਼ੀ ਹਾਜ਼ਰ ਸਨ।