ਗੌਰਵ ਕੁਮਾਰ ਸਲੂਜਾ, ਲੁਧਿਆਣਾ

ਬਹਾਦੁਰਕੇ ਰੋਡ ਸਥਿਤ ਸਬਜ਼ੀ ਮੰਡੀ ਵਿੱਚ ਪਿੱਛਲੇ ਲੰਬੇ ਸਮੇਂ ਤੋਂ ਮੰਡੀ ਦੇ ਠੇਕੇਦਾਰ ਵੱਲੋਂ ਵੱਧ ਵਸੂਲੀ ਕਰਨ ਦਾ ਮਾਮਲਾ ਅਕਸਰ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਇਸੇ ਤਰ੍ਹਾਂ ਹੀ ਪਿਛਲੇ ਦਿਨੀਂ ਠੇਕੇਦਾਰ ਵੱਲੋਂ ਵੱਧ ਵਸੂਲੀ ਕਰਨ ਦੇ ਨਾਲ-ਨਾਲ ਸਫਾਈ ਅਤੇ ਬਿਜਲੀ ਦੇ ਨਾਮ 'ਤੇ ਨਾਜਾਇਜ਼ ਵਸੂਲੀ ਕਰਨੀ ਸ਼ੁਰੂ ਕਰ ਦਿੱਤੀ ਸੀ, ਜਿਸ ਦੀ ਸ਼ਿਕਾਇਤ ਰੇਹੜੀ ਫੜੀ ਯੂਨੀਅਨ ਵੱਲੋਂ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਠੇਕੇਦਾਰ ਅਤੇ ਮੰਡੀ ਵਿੱਚ ਮੌਜੂਦ ਰੇਹੜੀ ਫੜੀ ਯੂਨੀਅਨ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਠੇਕੇਦਾਰ ਨੂੰ ਮੰਡੀ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਵੀ ਮੰਡੀ ਬੋਰਡ ਦੇ ਅਧਿਕਾਰੀਆਂ ਦੀ ਗੱਲ ਦਾ ਠੇਕੇਦਾਰ 'ਤੇ ਕੋਈ ਅਸਰ ਨਾ ਹੋਇਆ ਤੇ ਬੁੱਧਵਾਰ ਨੂੰ ਫਿਰ ਉਸੇ ਤਰ੍ਹਾਂ ਹੀ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਰੇਹੜੀ ਫੜੀ ਵਾਲਿਆਂ ਤੋਂ ਵੱਧ ਵਸੂਲੀ ਕਰਨੀ ਸ਼ੁਰੂ ਕਰ ਦਿੱਤੀ ਗਈ। ਜਦੋਂ ਰੇਹੜੀ ਫੜੀ ਯੂਨੀਅਨ ਦੇ ਪ੍ਰਧਾਨ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਮੰਡੀ ਦੇ ਲੋਕਾਂ ਨਾਲ ਬਹਿਸ ਬਾਜ਼ੀ ਅਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਜਦ ਇਸ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਅਮਨਦੀਪ ਸੰਧੂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਨੇ ਕਿਸੇ ਜ਼ਰੂਰੀ ਕੰਮ ਵਿੱਚ ਬੈਠੇ ਹੋਣ ਦਾ ਕਹਿ ਕੇ ਪੱਲਾ ਝਾੜ ਦਿੱਤਾ ਤੇ ਗੱਲਬਾਤ ਕਰਨੀ ਉਚਿਤ ਨਾ ਸਮਝੀ।

------

ਮਿਲੀਭੁਗਤ ਨਾਲ ਹੋ ਰਹੀ ਗੜਬੜ : ਬਠਲਾ

ਰੇਹੜੀ ਫੜੀ ਯੂਨੀਅਨ ਦੇ ਪ੍ਰਧਾਨ ਰਮੇਸ਼ ਕੁਮਾਰ ਬਠਲਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਬਜ਼ੀ ਮੰਡੀ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਠੇਕੇਦਾਰ, ਮਾਰਕੀਟ ਕਮੇਟੀ ਦੇ ਅਧਿਕਾਰੀ ਅਤੇ ਪੁਲਿਸ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਚੱਲ ਰਿਹਾ ਹੈ। ਮੰਡੀ ਵਿੱਚ ਮੌਜੂਦ ਗਰੀਬ ਰੇਹੜੀ ਫੜ੍ਹੀ ਵਾਲਿਆਂ ਨਾਲ ਬਹੁਤ ਹੀ ਜ਼ਿਆਦਾ ਧੱਕਾ ਹੋ ਰਿਹਾ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਠੇਕੇਦਾਰ ਦੀ ਵੱਧ ਵਸੂਲੀ ਨੂੰ ਲੈ ਕੇ ਠੇਕੇ ਨੂੰ ਜਲਦ ਤੋਂ ਜਲਦ ਰੱਦ ਕੀਤਾ ਜਾਵੇ। ਉਨ੍ਹਾਂ ਨੇ ਦੱਸਿਆ ਕਿ ਜੇਕਰ ਮਾਰਕੀਟ ਕਮੇਟੀ ਦੇ ਉੱਚ ਅਧਿਕਾਰੀਆਂ ਵੱਲੋਂ ਠੇਕਾ ਰੱਦ ਨਾ ਕੀਤਾ ਗਿਆ ਤਾਂ ਰੇਹੜੀ ਫੜੀ ਯੂਨੀਅਨ ਵੱਲੋਂ ਮੰਡੀ ਨੂੰ ਬੰਦ ਕਰ ਕੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ 'ਤੇ ਬੈਠਣਗੇ ਅਤੇ ਲੋਕ ਸਭਾ ਚੋਣਾਂ ਦਾ ਵੀ ਬਾਈਕਾਟ ਕਰਨਗੇ।