ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ

ਤੰਗ-ਪਰੇਸ਼ਾਨ ਤੇ ਬਲੈਕਮੇਲ ਕਰਨ ਤੋਂ ਰੋਕਿਆ ਗਿਆ ਤਾਂ ਕੁਝ ਅੌਰਤਾਂ ਨੇ ਇਕ ਨੌਜਵਾਨ ਨਾਲ ਮਿਲ ਕੇ ਘਰ 'ਤੇ ਹਮਲਾ ਕਰ ਦਿੱਤਾ ਤੇ ਲੋਹੇ ਦੀਆਂ ਪਾਈਪਾਂ ਤੇ ਰਾਡਾਂ ਨਾਲ ਘਰ ਦੇ ਸ਼ੀਸ਼ੇ ਤੇ ਖਿੜਕੀਆਂ ਤੋੜ ਕੇ ਪਤਨੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਮਾਮਲੇ ਵਿੱਚ ਥਾਣਾ ਪੀਏਯੂ ਦੀ ਪੁਲਿਸ ਨੇ ਪਿੰਡ ਬੀਰਮੀ ਦੀ ਰਹਿਣ ਵਾਲੀ ਰਮਨਦੀਪ ਕੌਰ ਦੇ ਬਿਆਨਾਂ ਉੱਪਰ ਬੀਰਮੀ ਦੀ ਹੀ ਵਾਸੀ ਸੁਖਵਿੰਦਰ ਕੌਰ, ਸੰਦੀਪ ਕੌਰ, ਜਸਵੀਰ ਕੌਰ ਅਤੇ ਮਨਦੀਪ ਸਿੰਘ ਦੇ ਖਿਲਾਫ ਘਰ 'ਤੇ ਹਮਲਾ ਕਰਨ ਤੇ ਲੜਾਈ ਝਗੜਾ ਕਰਨ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਥਾਣਾ ਪੀਏਯੂ ਦੀ ਪਿੁਲਸ ਨੂੰ ਰਮਨਦੀਪ ਕੌਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਦਾ ਵਿਆਹ ਬੀਰਮੀ ਦੇ ਰਹਿਣ ਵਾਲੇ ਸਤਵੰਤ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਪਹਿਲਾਂ ਪ੍ਰਰੇਮ ਸਬੰਧ ਸਨ। ਰਮਨਦੀਪ ਕੌਰ ਨੇ ਦੋਸ਼ ਲਾਇਆ ਕਿ ਸੁਖਵਿੰਦਰ ਕੌਰ ਉਸ ਦੇ ਪਤੀ ਨੂੰ ਅਕਸਰ ਬਲੈਕਮੇਲ ਕਰਦੀ ਰਹਿੰਦੀ ਸੀ। ਇਕ ਦਿਨ ਰਮਨਦੀਪ ਕੌਰ ਨੇ ਸੁਖਵਿੰਦਰ ਨੂੰ ਫੋਨ ਕਰ ਕੇ ਪਤੀ ਨੂੰ ਤੰਗ ਪਰੇਸ਼ਾਨ ਕਰਨ ਤੋਂ ਮਨ੍ਹਾਂ ਕੀਤਾ। ਇਹੀ ਰੰਜਿਸ਼ ਮਨ 'ਚ ਰੱਖੀ ਬੈਠੀ ਸੁਖਵਿੰਦਰ ਕੌਰ ਨੇ ਸੰਦੀਪ ਕੌਰ ਜਸਵੀਰ ਕੌਰ ਤੇ ਮਨਦੀਪ ਸਿੰਘ ਨਾਲ ਮਿਲ ਕੇ ਸਤਵੰਤ ਸਿੰਘ ਦੇ ਘਰ ਤੇ ਹਮਲਾ ਕਰ ਦਿੱਤਾ। ਅੌਰਤ ਨੇ ਦੱਸਿਆ ਕਿ ਹਮਲਾਵਰਾਂ ਨੇ ਘਰ ਦੇ ਸ਼ੀਸ਼ੇ ਤੇ ਖਿੜਕੀਆਂ ਤੋੜ ਦਿੱਤੀਆਂ ਹਿੱਸੇ ਦੌਰਾਨ ਮੁਲਜ਼ਮਾਂ ਨੇ ਰਮਨਦੀਪ ਕੌਰ ਤੇ ਉਸ ਦੇ ਪਤੀ ਸਤਵੰਤ ਸਿੰਘ ਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਧਮਕੀਆਂ ਦਿੰਦੇ ਮੌਕੇ ਤੋਂ ਫ਼ਰਾਰ ਹੋ ਗਏ ਇਸ ਮਾਮਲੇ 'ਚ ਏਐੱਸਆਈ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਰਮਨਦੀਪ ਕੌਰ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ।