ਭੁਪਿੰਦਰ ਸਿੰਘ ਬਸਰਾ, ਲੁਧਿਆਣਾ : ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ ਸੋਮਵਾਰ ਨੂੰ 353 ਸੀਨੀਅਰ ਸਿਟੀਜਨ ਅਤੇ 45 ਤੋਂ 59 ਸਾਲ ਦਰਮਿਆਨ ਗੰਭੀਰ ਬਿਮਾਰੀਆਂ ਤੋਂ ਪੀੜਤ 126 ਵਿਅਕਤੀਆਂ ਨੂੰ ਕੋਵਿਡ-19 ਦਾ ਟੀਕਾ ਲਾਇਆ ਗਿਆ ਹੈ। ਇਸ ਸਬੰਧੀ ਡੀਸੀ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਕੋਵਿਡ-19 ਟੀਕਾਕਰਨ ਦਾ ਤੀਜਾ ਪੜਾਅ ਸ਼ੁਰੂ ਹੋਇਆ। ਇਹ ਟੀਕਾਕਰਨ ਸਰਕਾਰੀ ਹਸਪਤਾਲਾਂ ਤੇ ਸਿਹਤ ਕੇਂਦਰਾਂ 'ਤੇ ਪੂਰੀ ਤਰ੍ਹਾਂ ਮੁਫ਼ਤ ਹੋਵੇਗਾ, ਨਿੱਜੀ ਹਸਪਤਾਲ ਲਾਭਪਾਤਰੀ ਕੋਲੋਂ ਲਈ 250 ਰੁਪਏ (ਪ੍ਰਤੀ ਖ਼ੁਰਾਕ) ਤੋਂ ਵੱਧ ਨਹੀਂ ਵਸੂਲ ਸਕਦੇ, ਜਿਸ ਵਿੱਚ ਟੀਕੇ ਦੀ ਕੀਮਤ ਵਜੋਂ 150 ਰੁਪਏ ਅਤੇ 100 ਰੁਪਏ ਸੇਵਾ ਖਰਚੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਨਿੱਜੀ ਹਸਪਤਾਲ ਸੇਵਾ ਖਰਚ ਲਈ ਪ੍ਰਤੀ ਵਿਅਕਤੀ 100 ਰੁਪਏ (ਪ੍ਰਤੀ ਖੁਰਾਕ) ਤੋਂ ਵੱਧ ਨਹੀਂ ਲੈ ਸਕਦੇ। ਉਨ੍ਹਾਂ ਦੱਸਿਆ ਕਿ ਕੁੱਲ 83 ਸਿਹਤ ਕਰਮੀਆਂ ਨੇ ਆਪਣਾ ਪਹਿਲਾ ਟੀਕਾ ਲਵਾਇਆ ਅਤੇ 884 ਕਰਮੀਆਂ ਵੱਲੋਂ ਦੂਜਾ ਟੀਕਾ ਲਵਾਇਆ ਗਿਆ। ਇਸੇ ਤਰ੍ਹਾਂ 155 ਫਰੰਟਲਾਈਨ ਵਰਕਰਾਂ ਵੱਲੋਂ ਪਹਿਲਾ ਟੀਕਾ ਲਵਾਇਆ, ਜਿਸ ਨਾਲ ਵੈਕਸੀਨੇਸ਼ਨ ਕਰਵਾਉਣ ਵਾਲਿਆਂ ਦੀ ਕੁੱਲ ਗਿਣਤੀ 1601 ਹੋ ਗਈ ਹੈ। ਕੋਵਿਡ-19 ਦੇ ਸਿਵਲ ਸਰਜਨ ਡਾ. ਕਿਰਨ ਗਿੱਲ ਨੇ ਦੱਸਿਆ ਕਿ ਟੀਕਾਕਰਨ ਮੁਹਿੰਮ ਦੇ ਤੀਜੇ ਪੜਾਅ ਲਈ ਲਾਭਪਾਤਰੀ ਰਾਹੀਂ ਸਵੈ-ਰਜਿਸਟ੍ਰੇਸ਼ਨ ਕਰਵਾ ਸਕਦੇ ਹਨ, ਜਾਂ ਉਹ ਨਿਰਧਾਰਤ ਹਸਪਤਾਲਾਂ ਤੇ ਟੀਕਾਕਰਨ ਕੇਂਦਰਾਂ 'ਤੇ ਵੀ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੱਲ੍ਹ 28 ਥਾਵਾਂ ਅਤੇ ਹਸਪਤਾਲਾਂ ਵਿੱਚ ਕੋਵਿਡ-19 ਟੀਕਾਕਰਨ ਕੀਤਾ ਜਾਵੇਗਾ। ਉਨ੍ਹਾਂ ਸਾਰੇ ਨਿੱਜੀ ਹਸਪਤਾਲਾਂ ਨੂੰ ਅੱਗੇ ਆ ਕੇ ਟੀਕਾਕਰਨ ਸ਼ੁਰੂ ਕਰਨ ਦੀ ਅਪੀਲ ਕੀਤੀ, ਤਾਂ ਜੋ ਅਸੀਂ ਕੋਵੀਡ-19 ਨੂੰ ਆਪਣੇ ਸਮਾਜ 'ਚੋਂ ਖਤਮ ਕਰ ਸਕੀਏ। ਨਿੱਜੀ ਹਸਪਤਾਲਾਂ ਨੂੰ ਟੀਕੇ ਮੁਹੱਈਆ ਕਰਵਾਏ ਜਾਣਗੇ ਤੇ ਪ੍ਰਤੀ ਵਿਅਕਤੀ ਖ਼ੁਰਾਕ ਲਈ 250 ਰੁਪਏ ਦੀ ਲਾਗਤ ਆਉਂਦੀ ਹੈ, ਜੇਕਰ ਕੋਈ ਲਾਭਪਾਤਰੀ ਕਿਸੇ ਨਿੱਜੀ ਹਸਪਤਾਲ ਵਿਚ ਟੀਕਾ ਲਵਾਉਂਦਾ ਹੈ ਤਾਂ ਉਸਨੂੰ 28 ਦਿਨਾਂ ਬਾਅਦ ਦੂਜੀ ਖ਼ੁਰਾਕ ਲਈ ਦੁਬਾਰਾ ਭੁਗਤਾਨ ਕਰਨਾ ਪਵੇਗਾ। ਸਰਕਾਰੀ ਹਸਪਤਾਲਾਂ ਵਿੱਚ, ਟੀਕਾਕਰਣ ਪੂਰੀ ਤਰ੍ਹਾਂ ਮੁਫ਼ਤ ਹੋਵੇਗਾ।