ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਕਤਲ ਦੇ ਮਾਮਲੇ ਦੇ ਸਜ਼ਾ ਯਾਫ਼ਤਾ ਕੈਦੀ ਨੇ ਜੇਲ੍ਹ ਵਾਰਡਨ ਉਪਰ ਹਮਲਾ ਕਰਦਿਆਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ । ਮੁਲਜ਼ਮ ਨੇ ਵਾਰਡਨ ਹਰਪਾਲ ਸਿੰਘ ਦੀ ਵਰਦੀ ਵੀ ਪਾੜ ਦਿੱਤੀ । ਇਸ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਸਹਾਇਕ ਸੁਪਰਡੈਂਟ ਹਰਮਿੰਦਰ ਸਿੰਘ ਦੇ ਬਿਆਨ ਉਪਰ ਬਹਾਦਰ ਕੇ ਰੋਡ ਦੇ ਰਹਿਣ ਵਾਲੇ ਕੈਦੀ ਦਵਿੰਦਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ।ਜਾਣਕਾਰੀ ਦਿੰਦਿਆਂ ਚੌਕੀ ਤਾਜਪੁਰ ਦੇ ਇੰਚਾਰਜ ਸੁਨੀਲ ਕੁਮਾਰ ਨੇ ਦੱਸਿਆ ਕੇ ਸਹਾਇਕ ਸੁਪਰੀਡੈਂਟ ਹਰਮਿੰਦਰ ਸਿੰਘ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਚੱਕੀ ਤੋਂ ਬਾਹਰ ਆਉਣ ਲਈ ਕਹਿ ਰਿਹਾ ਕੈਦੀ ਦਵਿੰਦਰ ਸਿੰਘ ਇਕਦਮ ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਵਾਰਡਨ ਹਰਪਾਲ ਸਿੰਘ ਉੱਪਰ ਹਮਲਾ ਕਰ ਦਿੱਤਾ ਹੈ ।ਜਾਣਕਾਰੀ ਦਿੰਦਿਆਂ ਸੁਨੀਲ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕੈਦੀ ਦਵਿੰਦਰ ਸਿੰਘ ਦੇ ਖਿਲਾਫ ਐੱਫ ਆਈ ਆਰ ਦਰਜ ਕੀਤੀ । ਸੁਨੀਲ ਕੁਮਾਰ ਦੇ ਮੁਤਾਬਕ ਦਵਿੰਦਰ ਸਿੰਘ ਦੇ ਖ਼ਿਲਾਫ਼ ਥਾਣਾ ਸਲੇਮ ਟਾਬਰੀ ਵਿਚ ਕਤਲ ਦਾ ਮੁਕੱਦਮਾ ਦਰਜ ਹੈ।ਉਸ ਕੇਸ ਵਿਚ ਸਜ਼ਾ ਯਾਫ਼ਤਾ ਦਵਿੰਦਰ ਸਿੰਘ ਲੁਧਿਆਣਾ ਸੈਂਟਰਲ ਜੇਲ੍ਹ ਵਿੱਚ ਬੰਦ ਹੈ । ਮੁਲਜ਼ਮ ਨੇ ਵਾਰਡਨ ਉੱਪਰ ਹਮਲਾ ਕਰ ਕੇ ਜਿੱਥੇ ਜੇਲ੍ਹ ਨਿਯਮਾਂ ਦੀ ਉਲੰਘਣਾ ਕੀਤੀ ਉੱਥੇ ਹੀ ਸਰਕਾਰੀ ਡਿਊਟੀ ਵਿਚ ਵੀ ਵਿਘਨ ਪਾਇਆ ਹੈ ।ਪੁਲਿਸ ਨੇ ਮੁਲਜ਼ਮ ਦੇ ਖਿਲਾਫ ਐੱਫ ਆਈ ਆਰ ਦਰਜ ਕਰ ਕੇ ਅਗਲੇਰੀ ਤਫਤੀਸ਼ ਕਰ ਦਿੱਤੀ ਹੈ।

2 ਨੰਬਰ ਬੈਰਕ ਦੇ ਕੋਲੋਂ 70 ਪੁੜੀਆਂ ਜਰਦਾ ਬਰਾਮਦ

ਜੇਲ੍ਹ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਚੈਕਿੰਗ ਦੇ ਦੌਰਾਨ ਬੈਰਕ ਨੰਬਰ ਦੋ ਦੇ ਵਿਹੜੇ ਵਿੱਚੋਂ ਹੈੱਡ ਵਾਰਡਨ ਕਸ਼ਮੀਰ ਸਿੰਘ ਨੂੰ 6 ਪੈਕੇਟ ਮਿਲੇ ।ਜਾਂਚ ਕਰਨ ਤੇ ਪਤਾ ਲੱਗਾ ਕਿ ਪੈਕਟਾਂ ਵਿੱਚ 70 ਪੁੜੀਆਂ ਜਰਦਾ ਸੀ । ਇਸ ਮਾਮਲੇ ਸਬੰਧੀ ਜਾਣਕਾਰੀ ਦਿੰੰਦਿਆਂ ਚੌਕੀ ਤਾਜਪੁਰ ਦੇ ਇੰਚਾਰਜ ਸੁਨੀਲ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸਹਾਇਕ ਸੁਪਰੀਡੈਂਟ ਇੰਦਰਪ੍ਰੀਤ ਸਿੰਘ ਦੇ ਬਿਆਨ ਉੱਪਰ ਅਣਪਛਾਤੇ ਮੁਲਜ਼ਮ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ।

Posted By: Tejinder Thind