ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਅਹਿਸਾਸ ਚੈਰੀਟੇਬਲ ਆਰਗੇਨਾਈਜ਼ੇਸ਼ਨ ਲੁਧਿਆਣਾ ਵੱਲੋਂ ਆਰਗੇਨਾਈਜੇਸ਼ਨ ਦੀ ਪ੍ਰਧਾਨ ਸੰਗੀਤਾ ਭੰਡਾਰੀ ਦੀ ਅਗਵਾਈ 'ਚ ਅੱਖਾਂ ਦੇ ਮਾਹਿਰ ਡਾ. ਰਮੇਸ਼ ਨੂੰ 'ਪ੍ਰਰਾਈਡ ਆਫ ਲੁਧਿਆਣਾ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਗਮ 'ਚ ਮਸ਼ਹੂਰ ਸ਼ਾਇਰ ਤਰਲੋਚਨ ਲੋਚੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਇਸ ਮੌਕੇ ਭੰਡਾਰੀ ਨੇ ਕਿਹਾ ਕਿ ਡਾ. ਰਮੇਸ਼ ਦੇ ਯਤਨਾਂ ਸਦਕਾ ਲੋਕ ਅੱਜ ਵੱਡੀ ਗਿਣਤੀ 'ਚ ਅੱਖਾਂ ਦਾਨ ਕਰਨ ਲਈ ਫਾਰਮ ਭਰ ਰਹੇ ਹਨ। ਇਨ੍ਹਾਂ ਦੀ ਜਾਗਰੂਕਤਾ ਕਾਰਨ ਹੀ ਸੈਂਕੜੇ ਲੋਕਾਂ ਦੀ ਜ਼ਿੰਦਗੀ 'ਚ ਰੋਸ਼ਨੀ ਆਈ ਹੈ। ਸੰਗੀਤਾ ਭੰਡਾਰੀ ਨੇ ਕਿਹਾ ਕਿ ਭਵਿੱਖ 'ਚ ਸੰਸਥਾ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ 'ਪ੍ਰਰਾਈਡ ਆਫ ਲੁਧਿਆਣਾ' ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।

ਭੰਡਾਰੀ ਨੇ ਦੱਸਿਆ ਕਿ ਸੰਸਥਾ ਵੱਲੋਂ ਦੇਸ਼ ਦੇ ਅਹਿਮ ਤਿਉਹਾਰ ਝੁੱਗੀਆਂ ਝੌਂਪੜੀਆਂ 'ਚ ਜਾ ਕੇ ਉਨ੍ਹਾਂ ਬੱਚਿਆਂ ਨਾਲ ਮਨਾਏ ਜਾਂਦੇ ਹਨ, ਜੋ ਕਿ ਸਾਡੇ ਹੀ ਦੇਸ਼ ਦਾ ਹਿੱਸਾ ਹਨ। ਇਸ ਮੌਕੇ ਤਰਲੋਚਨ ਲੋਚੀ ਨੇ ਅਹਿਸਾਸ ਸੰਸਥਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸੰਸਥਾ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਰਾਹੀਂ ਆਪਣਾ ਯੋਗਦਾਨ ਪਾ ਰਹੀ ਹੈ। ਇਸ ਮੌਕੇ ਲੋਚੀ ਨੇ ਅੱਖਾਂ ਦਾਨ ਕਰਨ ਦੇ ਮਹੱਤਵ ਨੂੰ ਦਰਸਾਉਂਦੀ ਕਵਿਤਾ ਵੀ ਪੇਸ਼ ਕੀਤੀ। ਇਸ ਮੌਕੇ ਰੇਣੂੂਕਾ ਆਹੂਜਾ, ਸ਼ਰੇਤਾ ਜਿੰਦਲ, ਸਰੋਜ ਸ਼ਰਮਾ ਤੇ ਸੀਮਾ ਸ਼ਰਮਾ ਆਦਿ ਹਾਜ਼ਰ ਸਨ।